ਚੰਡੀਗੜ੍ਹ: ਮਾਲਵਾ ਦੇ ਕੁਝ ਖੇਤਰ ਨੂੰ ਘੱਗਰ ਦੇ ਪਾਣੀ ਨੇ ਡੋਬਿਆ ਹੋਇਆ ਹੈ। ਦੂਜੇ ਪਾਸੇ ਮਾਲਵੇ ਦੀ ਕਪਾਹ ਪੱਟੀ ਵਿੱਚ ਬੀਟੀ ਕਾਟਨ ਉਪਰ ਹਰੇ ਤੇਲੇ ਤੇ ਚਿੱਟੀ ਮੱਖੀ ਦਾ ਹਮਲਾ ਹੋ ਗਿਆ ਹੈ। ਕਿਸਾਨਾਂ ਵਿੱਚ ਤੇਲੇ ਤੇ ਚਿੱਟੀ ਮੱਖੀ ਦੇ ਅਚਾਨਕ ਹਮਲੇ ਕਰਕੇ ਭੈਅ ਹੈ। ਕੁਝ ਕਿਸਾਨਾਂ ਨੇ ਫ਼ਸਲ ਦੇ ਬਚਾਅ ਲਈ ਸਪਰੇਆਂ ਵੀ ਸ਼ੁਰੂ ਕਰ ਦਿੱਤੀਆਂ ਹਨ।

ਯਾਦ ਰਹੇ ਪਿਛਲੇ ਸਮੇਂ ਵਿੱਚ ਚਿੱਟੀ ਮੱਖੀ ਨੇ ਵੱਡੀ ਤਬਾਹੀ ਮਚਾਈ ਸੀ। ਕਿਸਾਨਾਂ ਨੇ ਮਹਿੰਗੀਆਂ ਸਪਰੇਆਂ ਵੀ ਕੀਤੀਆਂ ਸੀ ਪਰ ਫਸਲ ਦੇ ਪੱਲੇ ਕੁਝ ਨਹੀਂ ਰਿਹਾ ਸੀ। ਇਸ ਲਈ ਚਿੱਟੀ ਮੱਖੀ ਦੇ ਅਚਾਨਕ ਹਮਲੇ ਨੇ ਕਿਸਾਨਾਂ ਦੇ ਹੋਸ਼ ਉਡਾ ਦਿੱਤੇ ਹਨ। ਖੇਤੀ ਮਾਹਿਰਾਂ ਨੇ ਕਿਹਾ ਕਿ ਵੈਸੇ ਨਰਮੇ ਉੱਤੇ ਰਸ ਚੂਸਣ ਵਾਲੇ ਕੀੜਿਆਂ ਵਿੱਚੋਂ ਤੇਲਾ, ਚਿੱਟੀ ਮੱਖੀ ਬਹੁਤ ਖ਼ਤਰਨਾਕ ਹਨ ਤੇ ਇਹ ਜੁਲਾਈ ਤੋਂ ਸਤੰਬਰ ਦੇ ਮਹੀਨੇ ਤੱਕ ਇਸ ਫ਼ਸਲ ਦਾ ਨੁਕਸਾਨ ਕਰ ਸਕਦੇ ਹਨ।

ਉਧਰ, ਖੇਤੀ ਵਿਭਾਗ ਨੇ ਕਿਸਾਨਾਂ ਨੂੰ ਵੇਖਾ-ਵੇਖੀ ਸਪਰੇਅ ਕਰਨ ਤੋਂ ਵਰਜਿਆ ਹੈ। ਮਹਿਕਮੇ ਦੇ ਮਾਹਿਰਾਂ ਨੇ ਇਸ ਹਮਲੇ ਨੂੰ ਮਾਮੂਲੀ ਮੰਨਿਆ ਹੈ। ਖੇਤੀ ਵਿਭਾਗ ਨੇ ਇਸ ਨੂੰ ਈਟੀਐਲ ਲੈਵਲ ਤੋਂ ਥੱਲੇ ਕਰਾਰ ਦਿੱਤਾ ਹੈ। ਭਾਵੇਂ ਕਿਸਾਨਾਂ ਵੱਲੋਂ ਨਰਮੇ ਦੀ ਫ਼ਸਲ ਉੱਤੇ ਹਰੇ ਤੇਲੇ ਤੇ ਚਿੱਟੀ ਮੱਖੀ ਦੇ ਹਮਲੇ ਲਈ ਕੁਝ ਕੁ ਥਾਵਾਂ ’ਤੇ ਸਪਰੇਆਂ ਛਿੜਕਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ, ਪਰ ਵਿਭਾਗ ਵੱਲੋਂ ਕੀਤੇ ਤਾਜ਼ਾ ਸਰਵੇਖਣ ਦੌਰਾਨ ਇਸ ਹਮਲੇ ਦਾ ਮਾਮਲਾ ਖੇਤਾਂ ਵਿੱਚ ਕਿਧਰੇ ਵੀ ਖੁੱਲ੍ਹ ਕੇ ਸਾਹਮਣੇ ਨਹੀਂ ਆਇਆ।

ਖੇਤੀਬਾੜੀ ਵਿਭਾਗ ਦੇ ਅਫਸਰਾਂ ਨੇ ਖੇਤਾਂ ਦਾ ਦੌਰਾ ਕਰਨ ਤੋਂ ਪਿੱਛੋਂ ਦੱਸਿਆ ਕਿ ਹਰੇ ਤੇਲੇ ਤੇ ਚਿੱਟੀ ਮੱਖੀ ਦਾ ਕਿਤੇ-ਕਿਤੇ ਹਮਲਾ ਹੋ ਗਿਆ ਹੈ, ਪਰ ਇਹ ਫਿਲਹਾਲ ਕਾਬੂ ਹੇਠ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਪਾਹ ਮਾਹਿਰਾਂ ਨੇ ਨਰਮੇ ਉਤੇ ਕਿਸੇ ਵੀ ਕਿਸਮ ਦੇ ਰੋਗ ਤੋਂ ਬਚਾਅ ਲਈ ਕੋਈ ਦਵਾਈ ਛਿੜਕਣ ਦੀ ਸਿਫਾਰਸ਼ ਨਹੀਂ ਕੀਤੀ ਹੈ।