ਫਤਿਹਾਬਾਦ: ਕਿਸਾਨਾਂ ਦਾ ਅੰਦੋਲਨ ਤਿੰਨ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਜਾਰੀ ਹੈ। ਇਸ ਅੰਦੋਲਨ ਵਿਚਾਲੇ ਹਰਿਆਣਾ ਪਿੰਡ ਸਮੈਣ ਦੇ ਕਿਸਾਨਾਂ ਨੇ ਇੱਕ ਵੱਡਾ ਐਲਾਨ ਕੀਤਾ ਹੈ ਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਕਿਸਾਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਕਿਸਾਨਾਂ ਦਾ ਅੰਦੋਲਨ ਜਾਰੀ ਹੈ, ਉਦੋਂ ਤੱਕ ਕੋਈ ਵੀ ਬਿਜਲੀ ਵਿਭਾਗ ਦਾ ਕਰਮਚਾਰੀ ਚੈਕਿੰਗ ਜਾਂ ਛਾਪੇਮਾਰੀ ਲਈ ਪਿੰਡ ਵਿੱਚ ਨਾ ਵੜੇ ਨਹੀਂ ਤਾਂ ਉਹ ਆਪਣੇ ਜਾਨ ਮਾਲ ਦੇ ਜ਼ਿੰਮਵਾਰ ਖੁਦ ਹੋਏਗਾ।

ਦਰਅਸਲ, ਪਿੰਡ ਸਮੈਣ ਵਿੱਚ ਇੱਕ ਬੈਠਕ ਕੀਤੀ ਗਈ ਸੀ। ਬੈਠਕ ਵਿੱਚ ਪਿੰਡ ਵਾਸੀਆਂ ਨੇ ਇੱਕ ਹੋ ਫੈਸਲਾ ਲਿਆ ਕਿ ਸਰਕਾਰ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਸਰਕਾਰ ਦੇ ਨੁਮਾਇੰਦਿਆਂ ਦਾ ਵਿਰੋਧ ਕੀਤਾ ਜਾਏਗਾ।

ਖੇਤੀ ਕਾਨੂੰਨਾਂ ਖਿਲਾਫ ਸ਼ੁਰੂ ਹੋਏ ਕਿਸਾਨਾਂ ਦੇ ਅੰਦੋਲਨ ਨੂੰ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਸਰਕਾਰ ਤੇ ਕਿਸਾਨਾਂ ਵਿਚਾਲੇ ਅਜੇ ਤਕ ਕੋਈ ਸਿਹਮਤੀ ਨਹੀਂ ਬਣੀ। ਕਿਸਾਨ ਵੱਖ-ਵੱਖ ਢੰਗ ਨਾਲ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਚੁੱਕੇ ਹਨ।