ਬਿਜਲੀ ਦੀ ਖ਼ਪਤ ਨੇ ਤੋੜੇ ਰਿਕਾਰਡ, ਜੇ ਮੀਂਹ ਨਾ ਪਿਆ ਤਾਂ ਬਿਜਲੀ ਮਹਿਕਮੇ ਦਾ ਔਖਾ
ਏਬੀਪੀ ਸਾਂਝਾ | 27 Jun 2018 02:29 PM (IST)
ਚੰਡੀਗੜ੍ਹ: ਇਸ ਵਾਰ ਬਿਜਲੀ ਦੀ ਮੰਗ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਮੰਗਲਵਾਰ ਨੂੰ ਬਿਜਲੀ ਦੀ ਮੰਗ ਦਾ ਸਿਖ਼ਰਲਾ ਅੰਕੜਾ 12,410 ਮੈਗਾਵਾਟ ’ਤੇ ਅੱਪੜ ਗਿਆ, ਜੋ ਸੋਮਵਾਰ ਨਾਲੋਂ 345 ਮੈਗਾਵਾਟ ਵੱਧ ਹੈ। ਬਿਜਲੀ ਮਹਿਕਮੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਆਉਂਦੇ ਦਿਨਾਂ ਵਿੱਚ ਮੀਂਹ ਨਹੀਂ ਪੈਂਦਾ ਤਾਂ ਬਿਜਲੀ ਦੀ ਮੰਗ ਤੇ ਸਪਲਾਈ ਦਾ ਤਵਾਜ਼ਨ ਵਿਗੜ ਸਕਦਾ ਹੈ। ਇਸ ਨਾਲ ਸਰਕਾਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਯਾਦ ਰਹੇ ਇਸ ਵਾਰ ਪੰਜਾਬ ਸਰਕਾਰ ਨੇ ਝੋਨੇ ਦੀ ਲੁਆਈ ਲਈ 20 ਜੂਨ ਦੀ ਤਾਰੀਖ ਮਿਥੀ ਸੀ। ਇਸ ਕਰਕੇ ਇਕਦਮ ਬਿਜਲੀ ਦੀ ਮੰਗ ਵਧ ਗਈ ਹੈ। ਇੱਖ ਵੱਡਾ ਕਾਰਨ ਭਰਵੀਂ ਬਾਰਸ਼ ਨਾ ਹੋਣਾ ਵੀ ਮੰਨਿਆ ਜਾ ਰਿਹਾ ਹੈ। ਇਹ ਵੀ ਸ਼ਿਕਾਇਤਾਂ ਆ ਰਹੀਆਂ ਹਨ ਕਿ ਕਈ ਇਲਾਕਿਆਂ ਵਿੱਚ ਕਿਸਾਨਾਂ ਨੂੰ ਅੱਠ ਘੰਟੇ ਦੀ ਬਜਾਏ ਛੇ ਘੰਟੇ ਬਿਜਲੀ ਮਿਲ ਰਹੀ ਹੈ। ਉਧਰ, ਪਾਵਰਕੌਮ ਮੈਨੇਜਮੈਂਟ ਵੱਲੋਂ 13,000 ਮੈਗਾਵਾਟ ਤੱਕ ਬਿਜਲੀ ਦੇ ਪ੍ਰਬੰਧ ਦੇ ਦਾਅਵੇ ਕੀਤੇ ਜਾ ਰਹੇ ਹਨ। ਸਰਕਾਰ ਵੀ ਹਾਲਾਤ ਨਾਲ ਨਜਿੱਠਣ ਲਈ ਹਰਕਤ ਵਿੱਚ ਆ ਗਈ ਹੈ। ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਹੈ ਕਿ ਸਰਕਾਰ ਕੋਲ ਬਿਜਲੀ ਦੇ ਪੂਰੇ ਪ੍ਰਬੰਧ ਹਨ। ਕਿਸਾਨਾਂ ਨੂੰ ਕੋੀ ਦਿੱਕਤ ਨਹੀਂ ਆਏਗੀ।