ਕਿਸਾਨ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਆੜ੍ਹਤੀਏ ਦਾ ਕਾਂਗਰਸੀ ਵਿਧਾਇਕ ਵੱਲੋਂ ਸਨਮਾਨ
ਏਬੀਪੀ ਸਾਂਝਾ | 02 Oct 2017 09:45 AM (IST)
ਬਠਿੰਡਾ: ਦੁਸਹਿਰੇ ਮੌਕੇ ਰਾਮਪੁਰਾ ਸ਼ਹਿਰ ਵਿਚ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਕਰਜ਼ਾਈ ਕਿਸਾਨ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਆੜ੍ਹਤੀਏ ਸੁਰੇਸ਼ ਕੁਮਾਰ ਬਾਹੀਆ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਿਸ ਕਾਰਨ ਕਿਸਾਨ ਭਾਈਚਾਰੇ ਵਿਚ ਸਖ਼ਤ ਰੋਸ ਦੀ ਲਹਿਰ ਫੈਲ ਗਈ ਹੈ। ਜ਼ਿਕਰਯੋਗ ਹੈ ਕਿ ਪਿੰਡ ਜਿਊਂਦ ਦੇ ਕਰਜ਼ਾਈ ਕਿਸਾਨ ਟੇਕ ਸਿੰਘ ਨੇ 9 ਅਗਸਤ 2017 ਖ਼ੁਦਕੁਸ਼ੀ ਕਰ ਲਈ ਸੀ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਮੁੱਖ ਮੰਤਰੀ ਨੂੰ ਉਲਾਂਭਾ ਦਿੰਦਿਆਂ ਪੱਤਰ ਵੀ ਲਿਖਿਆ ਸੀ। ਇਸ ਤੋਂ ਇਲਾਵਾ ਉਸ ਨੇ ਖ਼ੁਦਕੁਸ਼ੀ ਨੋਟ ਵਿਚ ਮੌਤ ਲਈ ਰਾਮਪੁਰਾ ਦੇ ਆੜ੍ਹਤੀਏ ਸੁਰੇਸ਼ ਕੁਮਾਰ ਨੂੰ ਦੋਸ਼ੀ ਠਹਿਰਾ ਕੇ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ। ਉਕਤ ਆੜ੍ਹਤੀਏ ਦੀ ਗ੍ਰਿਫ਼ਤਾਰੀ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਈ ਦਿਨ ਬਠਿੰਡਾ-ਚੰਡੀਗੜ੍ਹ ਸੜਕ ਜਾਮ ਰੱਖੀ ਸੀ। ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਇਸ ਮਾਮਲੇ ਸਬੰਧੀ ਕਹਿਣਾ ਸੀ ਕਿ ਆੜ੍ਹਤੀਏ ਦਾ ਕਿਸਾਨ ਖ਼ੁਦਕੁਸ਼ੀ ਵਿਚ ਕੋਈ ਦੋਸ਼ ਨਹੀਂ ਹੈ। ਕਿਸਾਨ ਅਦਾਲਤ ਵਿਚ ਮੰਨ ਚੁੱਕਾ ਸੀ ਕਿ ਉਸ ਨੇ ਸੁਰੇਸ਼ ਕਮਾਰ ਦਾ ਕਰਜ਼ਾ ਦੇਣਾ ਹੈ, ਪਰ ਆੜ੍ਹਤੀਏ ਨੇ ਕਦੇ ਵੀ ਟੇਕ ਸਿੰਘ ਕੋਲੋਂ ਪੈਸੇ ਦੀ ਮੰਗ ਨਹੀਂ ਕੀਤੀ ਜਿਸ ਦੇ ਇਹ ਬਿਆਨ ਅਦਾਲਤ ਵਿਚ ਦਰਜ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨਾਂ ਦੀ ਦੁਸ਼ਮਣ ਹੈ ਜਿਸ ਦਾ ਸਬੂਤ ਵਿਧਾਇਕ ਕਾਂਗੜ ਨੇ ਕਿਸਾਨ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਆੜ੍ਹਤੀਏ ਸੁਰੇਸ਼ ਬਾਹੀਆ ਨੂੰ ਸਨਮਾਨਿਤ ਕਰ ਕੇ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਵਿਧਾਇਕ ਨੇ ਕਿਸਾਨਾਂ ਨਾਲ ਨੰਗੀ-ਚਿੱਟੀ ਦੁਸ਼ਮਣੀ ਕਮਾਈ ਹੈ ਜਿਸ ਦਾ ਹਿਸਾਬ ਦੇਣਾ ਪਵੇਗਾ।