ਫ਼ਿਰੋਜ਼ਪੁਰ: ਸੀਜ਼ਨ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਬਾਸਮਤੀ ਦੇ ਭਾਅ ਤਿੰਨ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੋਂ ਲੈ ਕੇ 3400 ਰੁਪਏ ਤੱਕ ਪੁੱਜ ਗਿਆ ਹੈ। ਚੰਗੇ ਭਾਅ ਨਾਲ ਸ਼ੁਰੂਆਤ ਕਾਰਨ ਹੀ ਆਉਣ ਵਾਲੇ ਦਿਨਾਂ ਵਿੱਚ ਭਾਅ ਹੋਰ ਵਧਣ ਦੀ ਆਸ ਹੈ। ਜਿਹੜੇ ਪਿਛਲੇ ਸਾਲ ਦੇ ਮੁਕਾਬਲੇ ਚੰਗਾ ਭਾਅ ਮਿਲਣ ਨਾਲ ਬਾਸਮਤੀ ਦੇ ਕਾਸ਼ਤਕਾਰਾਂ ਨੂੰ ਇਸ ਵਾਰ ਵਾਰੇ-ਨਿਆਰੇ ਹੋ ਰਹੇ ਹਨ। ਜਾਣਕਾਰੀ ਮੁਤਾਬਿਕ ਬਾਸਮਤੀ-1509 ਵੀ 2500 ਰੁਪਏ ਤੋਂ ਲੈ ਕੇ ਤਿੰਨ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੱਕ ਖ਼ਰੀਦੀ ਜਾ ਰਹੀ ਹੈ। ਡੀਪੀ-1401 (ਮੁੱਛਲ) ਦਾ ਭਾਅ ਵੀ ਤਿੰਨ ਹਜ਼ਾਰ ਤੋਂ 3400 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਇਸ ਵਾਰ ਜ਼ਿਲ੍ਹੇ ਵਿੱਚ ਬਾਸਮਤੀ ਦੀ ਪੈਦਾਵਾਰ ਪਿਛਲੇ ਸਾਲ ਦੇ ਮੁਕਾਬਲੇ ਅੱਧੀ ਮੰਨੀ ਜਾ ਰਹੀ ਹੈ। ਇਸ ਕਰ ਕੇ ਬਾਸਮਤੀ ਦਾ ਭਾਅ ਅਸਮਾਨੀਂ ਚੜ੍ਹ ਗਿਆ ਹੈ। ਕਈ ਕਿਸਾਨ ਅਜਿਹੇ ਵੀ ਹਨ, ਜਿਨ੍ਹਾਂ ਪਿਛਲੇ ਸਾਲ ਦੀ ਬਾਸਮਤੀ ਅਜੇ ਤੱਕ ਸੰਭਾਲ ਕੇ ਰੱਖੀ ਹੋਈ ਸੀ।