ਚੰਡੀਗੜ੍ਹ: ਮਹਾਰਾਸ਼ਟਰ ਵਿੱਚ ਕਰਜ਼ਾ ਮੁਆਫੀ ਦੀ ਰਜਿਸਟ੍ਰੇਸ਼ਨ ਸਮੇਂ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਸਰਕਾਰੀ ਅਧਿਕਾਰੀ ਚੱਕੇ-ਬੱਕੇ ਰਹਿ ਗਏ ਜਦੋਂ 100 ਤੋਂ ਵੱਧ ਕਿਸਾਨਾਂ ਦੇ ਨਾਂ ਇੱਕ ਹੀ ਆਧਾਰ ਨੰਬਰ ਨਾਲ ਜੁੜੇ ਮਿਲੇ।
ਮਹਾਰਾਸ਼ਟਰ ਸਹਿਕਾਰੀ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਸੰਭਾਵੀਂ ਲਾਭਪਾਤਰੀ ਕਿਸਾਨਾਂ ਦੀ ਸੂਚੀ ਦਿਖਾਈ, ਜਿਨ੍ਹਾਂ ਦੇ ਆਧਾਰ ਨੰਬਰ ਇੱਕ ਹੀ ਹਨ। ਇਹ ਮਸਲਾ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ।


ਇਸ ਅਧਿਕਾਰੀ ਨੇ ਕਿਹਾ, ‘ਅਸੀਂ ਸੋਚਦੇ ਸੀ ਕਿ ਫ਼ਰਜ਼ੀ ਲਾਭਪਾਤਰੀਆਂ ਨੂੰ ਨਿਖੇੜਨ ਲਈ ਆਧਾਰ ਨੰਬਰ ਸਾਡਾ ਅਹਿਮ ਸ੍ਰੋਤ ਹੋਵੇਗਾ ਪਰ ਹੁਣ ਸਾਨੂੰ ਨਹੀਂ ਪਤਾ ਇਸ ਸਮੱਸਿਆ ਦਾ ਕੀ ਹੱਲ ਕੀਤਾ ਜਾਵੇ ਕਿਉਂਕਿ ਕਈ ਕਿਸਾਨ ਦਾ ਇੱਕੋ ਆਧਾਰ ਨੰਬਰ ਦਿਖਾਈ ਦੇ ਰਿਹਾ ਹੈ। ਜੇਕਰ ਅਸੀਂ ਦਸਤੀ ਪੜਤਾਲ ਕਰਨ ਬੈਠਾਂਗੇ ਤਾਂ ਉਸ ਨੂੰ ਕਈ ਹਫ਼ਤੇ ਲੱਗ ਜਾਣਗੇ। ਕਰਜ਼ਾ ਮੁਆਫੀ ਯੋਜਨਾ ਲਾਗੂ ਕਰਨ ਵਿੱਚ ਦੇਰੀ ਹੋਣ ਕਾਰਨ ਕਿਸਾਨ ਭਾਈਚਾਰਾ ਪਹਿਲਾਂ ਹੀ ਰੋਹ ਵਿੱਚ ਹੈ।’
ਮੁੱਖ ਮੰਤਰੀ ਦਵੇਂਦਰ ਫੜਨਵੀਸ ਨੇ ਇਸ ਯੋਜਨਾ ਨੂੰ ਛੇਤੀ ਲਾਗੂ ਕਰਨ ਦੇ ਰਾਹ ਵਿੱਚੋਂ ਅੜਿੱਕੇ ਹਟਾਉਣ ਅਤੇ ਹੋਰ ਮਸਲਿਆਂ ਦੇ ਹੱਲ ਲਈ ਅੱਜ ਬੈਂਕ ਅਧਿਕਾਰੀਆਂ ਨਾਲ ਜ਼ਰੂਰੀ ਮੀਟਿੰਗ ਸੱਦੀ। ਕੁੱਝ ਬੈਂਕਾਂ ਦੇ ਅਧਿਕਾਰੀਆਂ ਨੇ ਵੀ ਮੰਨਿਆ ਹੈ ਕਿ ਆਨਲਾਈਨ ਰਜਿਸਟਰੇਸ਼ਨ ਪੋਰਟਲ ’ਤੇ ਆਈ ਜਾਣਕਾਰੀ ਅਤੇ ਉਨ੍ਹਾਂ ਦੇ ਰਿਕਾਰਡ ਵਿਚਲੇ ਅੰਕੜਿਆਂ ਦਾ ਮਿਲਾਣ ਨਹੀਂ ਹੋ ਰਿਹਾ।