ਚੰਡੀਗੜ੍ਹ- ਪੰਜਾਬ ਵਿੱਚ ਪਰਾਲੀ ਨੂੰ ਸਾੜਨ ਤੋਂ ਰੋਕਣ ਦੇ ਇਕ ਵੱਡੇ ਕਦਮ ਵਜੋਂ ਰਾਜ ਸਰਕਾਰ ਨੇ ਅੱਜ ਚੇਨਈ ਦੀ ਇਕ ਕੰਪਨੀ ਨਾਲ ਸਹਿਮਤੀ ਪੱਤਰ (ਐਮ ਓ ਯੂ) ਉੱਤੇ ਦਸਖਤ ਕੀਤੇ ਹਨ, ਜਿਸ ਦੇ ਅਨੁਸਾਰ ਪਰਾਲੀ ਤੋਂ ਬਾਇਉ-ਊਰਜਾ ਬਣਾਉਣ ਲਈ 400 ਪ੍ਰੋਸੈਸਿੰਗ ਪਲਾਂਟ ਲਾਏ ਜਾਣਗੇ।


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਰਾਲੀ ਸਾੜਨ ਦੀ ਸਮੱਸਿਆ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨ ਦੇ ਨਤੀਜੇ ਵਜੋਂ ਹੋਏ ਇਸ ਸਮਝੌਤੇ ਸਦਕਾ ਇਸ ਕੰਪਨੀ ਦੇ ਪਲਾਂਟ ਝੋਨੇ ਦੇ ਅਗਲੇ ਸੀਜ਼ਨ ਤੋਂ ਪਹਿਲਾਂ ਚੱਲਣ ਲੱਗਣਗੇ। ਇਸ ਨਾਲ ਪਰਾਲੀ ਨੂੰ ਸਾੜਨ ਉੱਤੇ ਰੋਕ ਲਗੇਗੀ, ਜਿਸ ਨੇ ਮੌਜੂਦਾ ਸੀਜ਼ਨ ਵਿੱਚ ਵਾਤਾਵਰਣ ਉੱਤੇ ਬੜਾ ਮਾੜਾ ਪ੍ਰਭਾਵ ਪਾਇਆ ਹੈ।

ਸਹਿਮਤੀ ਪੱਤਰ ਉੱਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਬਿਉਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਦੇ ਸੀ ਈ ਓ, ਆਰ ਕੇ ਵਰਮਾ ਅਤੇ ਨਿਊਵੇ ਕੰਪਨੀ ਦੇ ਐਮ ਡੀ, ਕੇ. ਅਯੱਪਨ ਨੇ ਦਸਖਤ ਕੀਤੇ। ਇਸ ਸਮਝੌਤੇ ਅਨੁਸਾਰ ਇਹ ਪਲਾਂਟ ਨਿਊਵੇ ਇੰਜੀਨੀਅਰਜ਼ ਐਮ ਐਡ ਬਲਿਊ ਪ੍ਰਾਈਵੇਟ ਲਿਮਟਿਡ ਵਲੋਂ ਅਗਲੇ 10 ਮਹੀਨਿਆਂ ਵਿੱਚ ਹੀ 10,000 ਕਰੋੜ ਰੁਪਏ ਦੀ ਲਾਗਤ ਨਾਲ ਲਾ ਦਿੱਤੇ ਜਾਣਗੇ ਅਤੇ ਇਨ੍ਹਾਂ ਦਾ ਕਾਰਜਸ਼ੀਲ ਹੋਣਾ ਯਕੀਨੀ ਕਰਨ ਲਈ ਰਾਜ ਸਰਕਾਰ ਸਹੂਲਤ ਤੇ ਸਮਰਥਨ ਦੇਵੇਗੀ।

ਇਸ ਪ੍ਰੋਜੈਕਟ ਨਾਲ ਗ਼ੈਰ-ਹੁਨਰਮੰਦ ਅਤੇ ਅਰਧ-ਹੁਨਰਮੰਦ ਤਕਰੀਬਨ 30,000 ਨੌਜਵਾਨਾਂ ਨੂੰ ਸਿੱਧਾ ਰੁਜ਼ਗਾਰ ਪ੍ਰਾਪਤ ਹੋਵੇਗਾ। ਇਹ ਕੰਪਨੀ ਪ੍ਰਦੂਸ਼ਣ ਰੋਕਣ ਲਈ ਅਤਿ-ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰੇਗੀ ਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਰਹਿੰਦ-ਖੂੰਹਦ ਬਾਕੀ ਨਾ ਰਹੇ।