ਪਟਿਆਲਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਫੈਸਲਿਆਂ ਬਾਰੇ ਭਾਰਤ ਦੇ 13 ਪ੍ਰਮੁੱਖ ਕਿਸਾਨ ਸੰਗਠਨਾਂ ਦੇ ਸੀਨੀਅਰ ਆਗੂ ਗੁਜਰਾਤ ਦੇ ਕਿਸਾਨਾਂ ਨੂੰ ਭਾਜਪਾ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੋਂ ਜਾਣੂ ਕਰਵਾ ਕੇ ਅਪੀਲ ਕਰਨਗੇ ਕਿ ਵਿਧਾਨ ਸਭਾ ਚੋਣਾਂ ਵਿੱਚ ਇਸ ਪਾਰਟੀ ਵੱਲੋਂ ਖੜ੍ਹੇ ਕੀਤੇ ਉਮੀਦਵਾਰਾਂ ਦੇ ਖਿਲਾਫ ਆਪਣੀਆਂ ਵੋਟਾਂ ਪਾ ਕੇ ਬਦਲਾ ਲਿਆ ਜਾਵੇ। ਭਾਰਤੀ ਕਿਸਾਨ ਮੰਚ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਦੱਸਿਆ ਕਿ ਜਿਹੜੇ ਰਾਜਾਂ ਦੇ ਕਿਸਾਨ ਆਗੂ ਗੁਜਰਾਤ ਦਾ ਚੋਣ ਦੌਰਾ ਕਰਨਗੇ, ਉਨ੍ਹਾਂ ਵਿੱਚ ਉੱਤਰ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼, ਰਾਜਸਥਾਨ, ਆਂਧਰਾ ਪ੍ਰਦੇਸ਼, ਕਰਨਾਟਕਾ ਤੇ ਤਾਮਿਲ ਨਾਡੂ ਸ਼ਾਮਲ ਹਨ। ਇੱਕ ਹਫਤਾ ਉਥੇ ਵੱਖ-ਵੱਖ ਵਿਧਾਨ ਸਭਾ ਖੇਤਰਾਂ ਵਿੱਚ ‘ਭਾਜਪਾ ਹਰਾਓ, ਕਿਸਾਨ ਬਚਾਓ’ ਦੇ ਨਾਅਰੇ ਹੇਠ ਉਹ ਉਥੇ ਕਿਸਾਨਾਂ ਨੂੰ ਲਾਮਬੰਦ ਕਰਨਗੇ। ਬਹਿਰੂ ਨੇ ਕਿਹਾ ਕਿ ਜਦੋਂ 2014 ਵਿੱਚ ਪਾਰਲੀਮੈਂਟ ਚੋਣਾਂ ਹੋਈਆਂ ਸਨ ਤਾਂ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ ਉੱਤੇ ਐੱਮ ਐੱਸ ਸਵਾਮੀਨਾਥਨ ਵੱਲੋਂ ਖੇਤੀ ਬਾਰੇ ਇਹ ਜਾਣਕਾਰੀ ਦਿੰਦਿਆਂ ਰਿਪੋਰਟ ਲਾਗੂ ਕਰਾਂਗੇ। ਉਸ ਦੇ ਬਾਅਦ ਇਹ ਰਿਪੋਰਟ ਲਾਗੂ ਕਰਨ ਦੀ ਥਾਂ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਐਫੀਡੇਵਿਟ ਦੇ ਕੇ ਕਰੋੜਾਂ ਕਿਸਾਨਾਂ ਨਾਲ ਵਾਅਦਾ-ਖਿਲਾਫੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਨੋਟਬੰਦੀ ਪੂਰੇ ਕਿਸਾਨਾਂ ਉਤੇ ਤੀਜਾ ਆਰਥਿਕ ਹਮਲਾ ਉਦੋਂ ਕੀਤਾ, ਜਦੋਂ ਦੇਸ਼ ਦੇ ਕਿਸਾਨ ਹਾੜ੍ਹੀ ਦੀ ਫਸਲ ਦੀ ਬਿਜਾਈ ਕਰਨ ਲੱਗੇ ਸਨ। ਮੋਦੀ ਸਰਕਾਰ ਨੇ ਰਹਿੰਦੀ ਕਸਰ ਖੇਤੀ ਪੈਦਾਵਾਰ ਨਾਲ ਸੰਬੰਧਤ ਵਸਤੂਆਂ ਨੂੰ ਜੀ ਐਸ ਟੀ ਦੇ ਘੇਰੇ ਵਿੱਚ ਲਿਆ ਕੇ ਕੱਢ ਦਿੱਤੀ ਹੈ, ਜਿਸ ਨਾਲ ਟਰੈਕਟਰ, ਹਰ ਕਿਸਮ ਦੀ ਮਸ਼ੀਨਰੀ, ਖਾਦਾਂ ਤੇ ਕੀੜੇਮਾਰ ਦਵਾਈਆਂ ਦੇ ਰੇਟ ਵਿੱਚ ਬੇਤਹਾਸ਼ਾ ਵਾਧਾ ਹੋ ਗਿਆ ਤੇ ਕਿਸਾਨ ਤ੍ਰਾਹ-ਤ੍ਰਾਹ ਕਰਨ ਲੱਗ ਪਏ ਹਨ।