ਚੰਡੀਗੜ੍ਹ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਸਰਕਾਰ 'ਤੇ ਕਰਜ਼ਾ ਮਾਫ਼ੀ ਦੇ ਨਾਂ 'ਤੇ ਕਿਸਾਨਾਂ ਨਾਲ ਧੋਖਾ ਕਰਨ ਦਾ ਦੋਸ਼ ਲਾਇਆ ਹੈ। ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਹਰ ਵਾਅਦੇ ਦੀ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ 90 ਹਜ਼ਾਰ ਕਰੋੜ ਦੀ ਕਰਜ਼ਾ ਮਾਫ਼ੀ ਦੇ ਵਾਅਦੇ ਨੂੰ ਵੀ ਕੱਟ-ਵੱਢ ਕੇ ਇਕ ਮਾਮੂਲੀ ਰਾਸ਼ੀ ਬਣਾ ਦਿੱਤਾ ਹੈ ਜਦਕਿ ਕੈਪਟਨ ਨੇ ਕਿਸਾਨਾਂ ਵੱਲੋਂ ਸਹਿਕਾਰੀ, ਰਾਸ਼ਟਰੀ ਤੇ ਆੜ੍ਹਤੀਏ ਤੋਂ ਲਏ ਕਰਜ਼ਿਆਂ ਨੂੰ ਮਾਫ਼ ਕਰਨ ਦਾ ਵਾਅਦਾ ਕੀਤਾ ਸੀ।

ਸਰਕਾਰੀ ਖ਼ਜ਼ਾਨੇ 'ਚੋਂ ਹੁਣ ਦੋ ਲੱਖ ਤਕ ਦੇ ਕਰਜ਼ੇ ਮਾਫ਼ ਕਰਨ ਲਈ ਖ਼ਰਚਿਆ ਪੈਸਾ ਕੋਈ ਮੰਤਵ ਹੱਲ ਨਹੀਂ ਕਰੇਗਾ। ਸਰਕਾਰ ਉਨ੍ਹਾਂ ਕਿਸਾਨਾਂ ਨੂੰ ਸਕੀਮ ਦੇ ਦਾਇਰੇ 'ਚੋਂ ਬਾਹਰ ਕੱਢ ਰਹੀ ਹੈ, ਜਿਨ੍ਹਾਂ ਨੂੰ ਕਰਜ਼ਾ ਮਾਫ਼ੀ ਦੀ ਸਭ ਤੋਂ ਵੱਧ ਜ਼ਰੂਰਤ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਕਿਸਾਨਾਂ ਨੰੂ ਵੋਟ ਬੈਂਕ ਵਜੋਂ ਵਰਤਿਆ ਗਿਆ ਹੈ ਤੇ ਕਾਂਗਰਸ ਨੇ ਉਨ੍ਹਾਂ ਤੋਂ ਕਰਜ਼ਾ ਮਾਫ਼ੀ ਵਾਲੇ ਫਾਰਮ ਭਰਵਾ ਕੇ ਉਨ੍ਹਾਂ ਨੂੰ ਮੂਰਖ ਬਣਾਇਆ ਗਿਆ ਹੈ ਕਿਉਂਕਿ ਹੁਣ ਉਸ ਕਰਜ਼ਾ ਮਾਫ਼ੀ ਨੂੰ ਲਾਗੂ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ।