ਨਵੀਂ ਦਿੱਲੀ: ਹੁਣ ਪੰਜਾਬ ਦੇ 135 ਸਰਹੱਦੀ ਪਿੰਡਾਂ ਦੀ ਨੁਹਾਰ ਬਦਲਣ ਵਾਲੀ ਹੈ। ਕੇਂਦਰ ਸਰਕਾਰ ਨੇ ਕੌਮਾਂਤਰੀ ਸਰਹੱਦ ਵਾਲੇ ਨੌਂ ਰਾਜਾਂ ਲਈ 167 ਕਰੋੜ ਰੁਪਏ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚ ਇਹ ਪਿੰਡ ਸ਼ਾਮਲ ਹਨ।

ਇਹ ਰਾਸ਼ੀ (ਬੀਏਡੀਪੀ) ਤਹਿਤ ਨੌਂ ਰਾਜ ਰਾਜਸਥਾਨ, ਪੰਜਾਬ, ਹਿਮਾਚਲ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਆਸਾਮ, ਮੇਘਾਲਿਆ, ਸਿੱਕਮ ਤੇ ਤ੍ਰਿਪੁਰਾ ਨੂੰ ਦਿੱਤੀ ਗਈ ਹੈ। ਬੀਏਡੀਪੀ 'ਚ 17 ਰਾਜਾਂ ਦੇ ਉਹ ਸਾਰੇ ਪਿੰਡ ਸ਼ਾਮਲ ਹਨ ਜੋ ਕੌਮਾਂਤਰੀ ਸਰਹੱਦ ਤੋਂ ਸਿਫ਼ਰ ਤੋਂ 10 ਕਿਲੋਮੀਟਰ ਦੇ ਦਾਇਰੇ ਵਿੱਚ ਹਨ।

ਇਸ ਪ੍ਰੋਗਰਾਮ ਤਹਿਤ ਯੋਜਨਾਵਾਂ ਵਿੱਚ ਸਫ਼ਾਈ ਕੰਮ, ਕੌਸ਼ਲ ਵਿਕਾਸ, ਖੇਡਾਂ ਨੂੰ ਉਤਸ਼ਾਹ ਦੇਣਾ, ਪੇਂਡੂ ਤੇ ਸਰਹੱਦੀ ਸੈਰ-ਸਪਾਟੇ ਨੂੰ ਉਤਸ਼ਾਹ ਦੇਣਾ ਤੇ ਵਿਰਾਸਤੀ ਸਥਾਨਾਂ ਦੀ ਸਾਂਭ-ਸੰਭਾਲ ਸ਼ਾਮਲ ਹੈ। ਇਸ ਤੋਂ ਇਲਾਵਾ ਦੂਰਦਰਾਜ ਤੇ ਔਖੇ ਪਹਾੜੀ ਖੇਤਰਾਂ ਵਿੱਚ ਹੈਲੀਪੈਡ ਦਾ ਨਿਰਮਾਣ, ਕਿਸਾਨਾਂ ਨੂੰ ਆਧੁਨਿਕ ਤੇ ਵਿਗਿਆਨਕ ਖੇਤੀ ਦੀ ਸਿਖਲਾਈ ਤੇ ਜੈਵਿਕ ਖੇਤੀ ਵੀ ਇਸ ਵਿੱਚ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲੇ ਗ੍ਰਹਿ ਮੰਤਰਾਲੇ ਨੇ ਇਸੇ ਪ੍ਰੋਗਰਾਮ ਤਹਿਤ ਕੌਮਾਂਤਰੀ ਸਰਹੱਦ ਵਾਲੇ ਛੇ ਰਾਜਾਂ ਨੂੰ 174 ਕਰੋੜ ਰੁਪਏ ਜਾਰੀ ਕੀਤੇ ਸਨ।