ਚੰਡੀਗੜ੍ਹ: ਪੰਜਾਬ ਸਰਕਾਰ ਦੀ ਕਰਜ਼ਾ ਮਾਫ ਨੀਤੀ ਬਾਰੇ ਨਵੇਂ ਤੋਂ ਨਵੇਂ ਖੁਲਾਸੇ ਹੋ ਰਹੇ ਹਨ। ਪੰਜਾਬੀ ਟ੍ਰਿਬਿਊਨ ਵਿੱਚ ਛਪੀ ਖਬਰ ਮੁਤਾਬਕ ਲਗਾਤਾਰ ਕਰਜ਼ਾ ਮੋੜਨ ਵਾਲੇ ਢਾਈ ਏਕੜ ਜ਼ਮੀਨ ਦੇ ਮਾਲਕਾਂ ਨੂੰ ਵੀ ਮੁਆਫ਼ੀ ਦਾ ਲਾਭ ਨਹੀਂ ਮਿਲੇਗਾ।
ਪੰਜਾਬ ਸਰਕਾਰ ਦੇ ਐਲਾਨ ਮੁਤਾਬਕ 31 ਮਾਰਚ, 2017 ਤੱਕ ਬਕਾਇਆ ਕਰਜ਼ੇ ’ਤੇ ਹੀ ਲੀਕ ਮਾਰੀ ਜਾਣੀ ਹੈ ਅਤੇ ਜਿਨ੍ਹਾਂ ਕਿਸਾਨਾਂ ਨੇ ਕਰਜ਼ੇ ਦੀ ਰਾਸ਼ੀ ਮੋੜ ਕੇ ਖਾਤਾ ਨਿੱਲ ਕਰਵਾ ਲਿਆ ਉਨ੍ਹਾਂ ਨੂੰ ਕਰਜ਼ਾ ਮੁਆਫ਼ੀ ਦਾ ਕੋਈ ਲਾਭ ਨਹੀਂ ਮਿਲੇਗਾ।
ਅਖ਼ਬਾਰ ਮੁਤਾਬਕ ਬਹੁਤ ਜਿਹੜੇ ਕਿਸਾਨਾਂ ਨੇ 30 ਜਾਂ 31 ਮਾਰਚ ਨੂੰ ਵੀ ਬੈਂਕਾਂ ਦਾ ਪੈਸਾ ਮੋੜਿਆ ਹੈ, ਉਹ ਕਰਜ਼ਾ ਮੁਆਫ਼ੀ ਸਕੀਮ ਦੇ ਦਾਇਰੇ ਵਿੱਚ ਨਹੀਂ ਆਉਣਗੇ। ਜਿਨ੍ਹਾਂ ਕਿਸਾਨਾਂ ਨੇ ਪਹਿਲੀ ਅਪਰੈਲ ਜਾਂ ਇਸ ਮਗਰੋਂ ਪੈਸਾ ਭਰਿਆ ਹੈ, ਉਹ ਸਾਰੇ ਕਰਜ਼ਾ ਮੁਆਫ਼ੀ ਦੇ ਹੱਕਦਾਰ ਬਣ ਗਏ ਹਨ।
ਇਸ ਤੋਂ ਇਲਾਵਾ ਸੂਬੇ ਵਿੱਚ 11 ਹਜ਼ਾਰ ਕਿਸਾਨ ਅਜਿਹੇ ਹਨ, ਜਿਨ੍ਹਾਂ ਦੀ 31 ਮਾਰਚ ਜਾਂ ਇਸ ਤੋਂ ਬਾਅਦ ਮੌਤ ਹੋ ਚੁੱਕੀ ਹੈ। ਇਨ੍ਹਾਂ ਫ਼ੌਤ ਹੋਏ ਕਿਸਾਨਾਂ ਦੇ ਕਰਜ਼ੇ ਦਾ ਲਾਭ ਕਾਨੂੰਨੀ ਵਾਰਸਾਂ ਨੂੰ ਮਿਲੇਗਾ ਜਾਂ ਨਹੀਂ, ਇਹ ਫ਼ੈਸਲਾ ਮੁੱਖ ਮੰਤਰੀ ਪੱਧਰ ਦੀ ਮੀਟਿੰਗ ਵਿੱਚ ਹੋਣ ਦੀ ਸੰਭਾਵਨਾ ਹੈ।

ਕਈ ਅਜਿਹੇ ਕਿਸਾਨ ਹਨ ਜਿਨ੍ਹਾਂ ਦੀ ਦੋ ਪਿੰਡਾਂ ਵਿੱਚ ਜ਼ਮੀਨ ਹੈ। ਖਾਤੇ ਬੇਸ਼ੱਕ ਇੱਕ ਹੀ ਸਹਿਕਾਰੀ ਬੈਂਕ ਵਿੱਚ ਹਨ ਪਰ ਦੋ ਪਿੰਡਾਂ ਵਿੱਚ ਜ਼ਮੀਨ ਢਾਈ ਏਕੜ ਤੋਂ ਵੱਧ ਹੈ ਤਾਂ ਅਜਿਹੇ ਕੇਸਾਂ ਦੀ ਜਾਣਕਾਰੀ ਕਿਸ ਤਰ੍ਹਾਂ ਜੁਟਾਈ ਜਾਵੇ। ਪੰਜ ਹਜ਼ਾਰ ਦੇ ਕਰੀਬ ਕਿਸਾਨ ਅਜਿਹੇ ਵੀ ਹਨ, ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ। ਆਧਾਰ ਕਾਰਡ ਦੀ ਗੈਰਮੌਜੂਦਗੀ ਵਿੱਚ ਕੀ ਉਹ ਕਰਜ਼ਾ ਮੁਆਫ਼ੀ ਤੋਂ ਵਾਂਝੇ ਰਹਿ ਜਾਣਗੇ, ਇਹ ਸਵਾਲ ਵੀ ਅਜੇ ਤੱਕ ਅਣਸੁਲਝਿਆ ਹੈ।