ਕਿਸਾਨ ਸੰਸਦ ਦੇ ਬਿੱਲਾਂ 'ਤੇ ਚੰਡੀਗੜ੍ਹ 'ਚ ਲੱਗੇਗੀ ਮੋਹਰ
ਏਬੀਪੀ ਸਾਂਝਾ | 24 Jan 2018 05:37 PM (IST)
ਚੰਡੀਗੜ੍ਹ: ਪੰਜਾਬ ਦੀਆਂ ਅੱਠ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ 4 ਫਰਵਰੀ ਨੂੰ ਚੰਡੀਗੜ੍ਹ ਵਿੱਚ ਕਿਸਾਨ ਮੁਕਤੀ ਕਾਨਫਰੰਸ ਕਰਨਗੀਆਂ। ਇਸ ਕਾਨਫਰੰਸ ਵਿੱਚ 20-21 ਨਵੰਬਰ ਨੂੰ ਦਿੱਲੀ ਵਿੱਚ ਹੋਈ ਕੌਮੀ ਪੱਧਰ ਦੀ ਕਿਸਾਨ ਸੰਸਦ ਵਿੱਚ ਪਾਸ ਪ੍ਰਸਤਾਵਿਤ ਬਿੱਲ 'ਕਰਜ਼ਾ ਮੁਕਤੀ ਬਿੱਲ' ਤੇ 'ਫਸਲਾਂ ਦੇ ਲਾਹੇਵੰਦ ਭਾਅ ਬਿੱਲ' ਬਾਰੇ ਕੌਮੀ ਆਗੂ ਵਿਚਾਰ ਪੇਸ਼ ਕਰਨਗੇ। ਇਸ ਕਾਨਫਰੰਸ ਨੂੰ ਸਿਰੇ ਚਾੜਨ ਲਈ ਜਥੇਬੰਦੀਆਂ ਦੀ ਮੀਟਿੰਗ ਹੋਈ। ਇਸ ਬਾਰੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਕਿ ਇਹ ਕਿਸਾਨ ਮੁਕਤੀ ਕਾਨਫਰੰਸ 4 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਭਕਨਾ ਯਾਦਗਾਰੀ ਹਾਲ, ਸੈਕਟਰ 29, ਚੰਡੀਗੜ੍ਹ ਵਿੱਚ ਹੋਵੇਗੀ। ਕਿਸਾਨ ਲੀਡਰ ਨੇ ਦੱਸਿਆ ਕਿ ਬਿੱਲਾਂ ਦੀ ਪੇਸ਼ਕਾਰੀ ਤੋਂ ਬਾਅਦ ਕਿਸਾਨ ਆਗੂਆਂ/ਵਰਕਰਾਂ, ਬੁੱਧੀਜੀਵੀਆਂ ਤੇ ਵਕੀਲਾਂ ਤੋਂ ਸੁਝਾਅ ਲਏ ਜਾਣਗੇ। ਵਿਚਾਰ-ਵਟਾਂਦਰੇ ਤੋਂ ਬਾਅਦ ਇਨ੍ਹਾਂ ਬਿੱਲਾਂ ਵਿੱਚ ਸੰਬੋਧਨ ਕਰਨ ਵਾਲਿਆਂ ਦੀਆਂ ਸਲਾਹਾਂ ਸ਼ਾਮਲ ਕੀਤੀਆਂ ਜਾਣਗੀਆਂ। ਉੱਥੇ ਨਾਲ ਹੀ ਇਸ ਸਬੰਧੀ ਤਨਦੇਹੀ ਨਾਲ ਤਿੱਖੇ ਸਾਂਝੇ ਸੰਘਰਸ਼ ਕਰਨ ਦਾ ਸੰਕਲਪ ਲਿਆ ਜਾਵੇਗਾ। ਯਾਦ ਰਹੇ ਚੰਡੀਗੜ੍ਹ ਵਿੱਚ ਕੀਤੀ ਜਾ ਰਹੀ ਪੰਜਾਬ-ਹਰਿਆਣਾ ਦੀ ਸੂਬਾਈ ਕਾਨਫਰੰਸ ਤੋਂ ਪਹਿਲਾਂ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ 'ਤੇ 16 ਜਨਵਰੀ ਨੂੰ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ, 18 ਜਨਵਰੀ ਨੂੰ ਮੱਧ ਪ੍ਰਦੇਸ਼ ਦੇ ਭੁਪਾਲ , 19 ਜਨਵਰੀ ਨੂੰ ਮਹਾਰਾਸ਼ਟਰ ਦੀ ਮੁੰਬਈ ਤੇ 20 ਜਨਵਰੀ ਨੂੰ ਬਿਹਾਰ ਦੇ ਪਟਨਾ ਵਿੱਚ ਸੂਬਾਈ ਕਿਸਾਨ ਮੁਕਤੀ ਕਾਨਫਰੰਸਾਂ ਕੀਤੀਆਂ ਗਈਆਂ ਹਨ। ਇਸ ਕਾਨਫਰੰਸ ਵਿੱਚ ਕਿਸਾਨੀ ਸਮੱਸਿਆਵਾਂ ਨਾਲ ਸਬੰਧਤ ਮਤੇ ਪਾਸ ਕੀਤੇ ਜਾਣਗੇ। ਉਥੇ ਪੰਜਾਬ ਅੰਦਰ ਉਪਰੋਕਤ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ, ਮਾਝਾ, ਮਾਲਵਾ ਤੇ ਦੁਆਬੇ ਵਿਚ 4 ਖੇਤਰੀ ਕਾਨਫਰੰਸਾਂ ਕਰਨਗੀਆਂ ਜੋ 6 ਤੋਂ 9 ਮਾਰਚ ਦੌਰਾਨ ਹੋਣਗੀਆਂ। ਇਸ ਕਾਨਫਰੰਸ ਵਿੱਚ ਪੰਜਾਬ ਕਿਸਾਨ ਸਭਾ, ਪੰਜਾਬ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਜੈ ਕਿਸਾਨ ਅੰਦੋਲਨ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਤੇ ਕਿਸਾਨ ਲੋਕ ਮੋਰਚਾ ਦੇ ਨੁਮਾਇੰਦੇ ਸ਼ਾਮਲ ਹੋਏ।