ਚੰਡੀਗੜ੍ਹ: ਸੂਬਾ ਪੱਧਰੀ ਕਾਲੇ ਕਾਨੂੰਨ ਵਿਰੁੱਧ ਰੈਲੀ ਬਰਨਾਲਾ ਵਿੱਚ 16 ਫਰਵਰੀ ਨੂੰ ਹੋ ਰਹੀ ਹੈ। ਇਸ ਰੈਲੀ ਵਿੱਚ ਪੰਜਾਬ ਭਰ 'ਚੋਂ ਹਜ਼ਾਰਾਂ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਪਹੁੰਚਣਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਸੂਬਾ ਕਮੇਟੀ ਦੀ ਮੀਟਿੰਗ ਤੋਂ ਬਾਅਦ ਪ੍ਰੈੱਸ ਬਿਆਨ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਇਹ ਰੈਲੀ 40 ਜਨਤਕ ਜਥੇਬੰਦੀਆਂ ਦੇ ਸਾਂਝੇ ਫੋਰਮ 'ਕਾਲੇ ਕਾਨੂੰਨਾਂ ਵਿਰੁੱਧ ਜਨਤਕ ਜਥੇਬੰਦੀਆਂ ਦੇ ਤਾਲਮੇਲ ਸਾਂਝੇ ਫਰੰਟ' ਵੱਲੋਂ ਕੀਤੀ ਜਾ ਰਹੀ ਹੈ। ਇਸ ਫਰੰਟ ਦਾ ਗਠਨ ਪੰਜਾਬ ਸਰਕਾਰ ਵੱਲੋਂ 'ਪੰਜਾਬ ਜਨਤਕ ਤੇ ਨਿੱਜੀ ਨੁਕਸਾਨ ਰੋਕੋ ਕਾਨੂੰਨ 2014' ਦੇ ਵਿਰੋਧ ਵਜੋਂ ਹੋਇਆ ਹੈ। ਉਨ੍ਹਾਂ ਕਿਹਾ ਕਿ ਪਕੋਕਾਂ ਲਿਆਉਣ ਦੀਆਂ ਤਿਆਰੀਆਂ ਹਨ। ਇਹ ਸਭ ਕੁਝ ਲੋਕਾਂ ਦੀਆਂ ਹਕੀਕੀ ਮੰਗਾਂ ਦੇ ਹਕੀਕੀ ਸੰਘਰਸ਼ਾਂ ਨੂੰ ਦਬਾਉਣ ਲਈ ਕੀਤਾ ਜਾ ਰਿਹਾ ਹੈ।


ਪੰਜਾਬ ਦੀ ਸੂਬਾ ਕਾਂਗਰਸ ਸਰਕਾਰ ਨੇ ਇਹ ਨੀਤੀ ਅਪਣਾ ਲਈ ਹੈ ਕਿ ਲੁੱਟਣਾ ਵੀ ਹੈ, ਕੁੱਟਣਾ ਵੀ ਹੈ ਤੇ ਰੋਣ ਵੀ ਨਹੀਂ ਦੇਣ। ਸਗੋਂ ਰੋਸ ਤੇ ਗੁੱਸਾ ਕਰਨ ਵਾਲੇ ਤਬਕਿਆਂ ਨੂੰ ਸਜ਼ਾਵਾਂ ਦੇਣੀਆਂ ਹਨ।

ਇਸ ਦੀ ਅਮਲੀ ਉਦਾਹਰਣ ਪੰਜਾਬ ਦੀ ਕਰਜ਼ੇ ਤੋਂ ਪੀੜਤ ਕਿਸਾਨੀ ਨੇ ਆਪਣੀ ਹਕੀਕੀ ਮੰਗਾਂ ਲਈ 7 ਫਰਵਰੀ ਨੂੰ 7 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਪੰਜਾਬ ਭਰ ਵਿੱਚ ਆਪਣਾ ਰੋਸ ਪ੍ਰਗਟਾਵਾ ਕਰਨ ਲਈ ਦੋ ਘੰਟੇ ਲਈ ਸੜਕੀ ਆਵਾਜਾਈ ਜਾਮ ਕੀਤੀ ਜਿਸ ਵਿੱਚ ਪੰਜਾਬ ਪੁਲਿਸ ਨੇ ਗੈਰ ਜ਼ਮਾਨਤੀ ਧਰਾਵਾਂ ਅਧੀਨ ਸੈਂਕੜੇ ਪਰਚੇ ਹਜ਼ਾਰਾਂ ਕਿਸਾਨਾਂ ਵਿਰੁੱਧ ਦਰਜ ਕਰ ਲਏ ਹਨ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਕਿ ਇਹ ਬਰਨਾਲਾ ਵਿੱਚ ਹੋ ਰਹੀ ਰੈਲੀ, ਕਾਲੇ ਕਾਨੂੰਨਾਂ ਵਿਰੁੱਧ ਤੇ ਜਮਹੂਰੀ ਹੱਕਾਂ ਲਈ ਇਤਿਹਾਸਕ ਰੈਲੀ ਹੋਵੇਗੀ।