ਕਣਕ ਲਈ ਦੇਸੀ ਘਿਉ ਬਣੀ ਬਾਰਿਸ਼, ਕਿਸਾਨ ਬਾਗੋਬਾਗ
ਏਬੀਪੀ ਸਾਂਝਾ | 13 Feb 2018 10:11 AM (IST)
ਚੰਡੀਗੜ੍ਹ-ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾਕਟਰ ਜਸਬੀਰ ਸਿੰਘ ਬੈਂਸ ਨੇ ਕਿਹਾ ਕਿ ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ ਅਤੇ ਹਾੜੀ ਦੀ ਫ਼ਸਲ ਲਈ ਇਹ ਵਰਦਾਨ ਸਿੱਧ ਹੋਵੇਗਾ। ਮੌਸਮ ਵਿਭਾਗ ਦੇ ਡਾਇਰੈਕਟਰ ਡਾਕਟਰ ਸੁਰਿੰਦਰਪਾਲ ਨੇ ਕੱਲ 12 ਵਜੇ ਤੋਂ ਬਾਅਦ ਮੌਸਮ ਸਾਫ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਖੇਤੀਬਾੜੀ ਵਿਭਾਗ ਦੇ ਡਾ. ਇਰੈਕਟਰ ਜਸਬੀਰ ਸਿੰਘ ਬੈਂਸ ਮੁਤਾਬਕ ਪੰਜਾਬ ਵਿੱਚ ਹੋ ਰਹੀ ਬਾਰਸ਼ ਨਾਲ ਫਸਲਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ ਬਲਕਿ ਉਲਟਾ ਇਸ ਨਾਲ ਕਣਕ ਦਾ ਉਤਪਾਦਨ ਵਧਣ ਦੀ ਉਮੀਦ ਹੈ। ਡਾਇਰੈਕਟਰ ਬੈਂਸ ਨੇ ਕਿਹਾ ਕਿ ਹੁਣ ਤੱਕ ਕਣਕ ਦੀ ਫ਼ਸਲ ਲਗਭਗ ਬਿਮਾਰੀ-ਮੁਕਤ ਰਹੀ ਹੈ। ਜਿਨਾਂ ਕੁਝ ਥਾਵਾਂ 'ਤੇ ਤੇਲੇ ਦਾ ਹਮਲਾ ਹੋਣਾ ਸ਼ੁਰੂ ਹੋਇਆ ਸੀ ਉਹ ਵੀ ਹੁਣ ਬਾਰਸ਼ ਨਾਲ ਧੁਲ ਜਾਵੇਗਾ। ਬਾਗ਼ਬਾਨੀ ਵਿਭਾਗ ਦੇ ਨਿਰਦੇਸ਼ਕ ਡਾ ਪੁਸ਼ਪਿੰਦਰ ਸਿੰਘ ਔਲਖ ਅਨੁਸਾਰ ਇਹ ਬਾਰਿਸ਼ ਸਾਰੇ ਹੀ ਫ਼ਲਾਂ ਲਈ ਲਾਭਦਾਇਕ ਹੈ। ਬੇਰਾਂ ਨੂੰ ਥੋੜ੍ਹਾ ਬਹੁਤਾ ਧੱਕਾ ਲੱਗਣ ਦੀ ਸੰਭਾਵਨਾ ਹੈ ਅਤੇ ਜਿੱਥੇ ਤੇਜ਼ ਹਵਾਵਾਂ ਚੱਲੀਆਂ ਹਨ ਫ਼ਲ ਦੇ ਝੜਨ ਦੀਆਂ ਵੀ ਰਿਪੋਰਟਾਂ ਹਨ। ਜਦੋਂ ਕਿ ਕਿਨੂੰ ਦੀ ਫ਼ਸਲ ਤਕਰੀਬਨ ਖ਼ਾਤਮੇ ਤੇ ਹੈ। ਪੀ. ਏ. ਯੂ. ਸਨਮਾਨਿਤ ਬਲਬੀਰ ਸਿੰਘ ਜੜੀਆ ਤੇ ਸਟੇਟ ਐਵਾਰਡੀ ਰਾਜਮੋਹਨ ਸਿੰਘ ਕਾਲੇਕਾ ਅਨੁਸਾਰ ਆਲੂਆਂ ਤੋਂ ਬਾਅਦ ਮੱਕੀ ਦੀ ਕਾਸ਼ਤ ਲਈ ਬਾਰਿਸ਼ ਜ਼ਰੂਰ ਅੜਿੱਕਾ ਬਣੀ ਹੈ। ਅਕਤੂਬਰ ਦੀ ਬੀਜੀ ਕਣਕ ਨੂੰ ਜ਼ਰੂਰ ਥੋੜ੍ਹਾ ਜਿਹਾ ਝਟਕਾ ਲੱਗਿਆ ਹੈ। ਨਵੰਬਰ ਦੀ ਬੀਜੀ ਕਣਕ ਨੂੰ ਤਾਂ ਇਹ ਬਾਰਿਸ਼ ਘਿਉ ਵਾਂਗ ਲੱਗੇਗੀ।