ਚੰਡੀਗੜ੍ਹ: ਪਾਵਰਕੌਮ ਨੇ ਖੇਤੀ ਸੈਕਟਰ ਨੂੰ ਬਿਜਲੀ ਦੇਣ ਦੇ ਪ੍ਰੋਗਰਾਮ ਵਿੱਚ ਤਬਦੀਲੀ ਕਰ ਦਿੱਤੀ ਹੈ। ਹੁਣ ਕਿਸਾਨਾਂ ਨੂੰ ਇੱਕ ਦਿਨ ਛੱਡ ਕੇ ਬਿਜਲੀ ਮਿਲੇਗੀ। ਝੋਨੇ ਦਾ ਸੀਜ਼ਨ ਖ਼ਤਮ ਹੋਣ ਮਗਰੋਂ ਪਾਵਰਕੌਮ ਨੇ ਰੋਜ਼ਾਨਾ ਅੱਠ ਘੰਟੇ ਬਿਜਲੀ ਬੰਦ ਕਰਕੇ ਇਸ ਦੀ ਥਾਂ ਇੱਕ ਦਿਨ ਛੱਡ ਕੇ 10 ਘੰਟੇ ਬਿਜਲ ਦੇਣ ਦਾ ਐਲਾਨ ਕੀਤਾ ਹੈ। ਦਰਅਸਲ 13 ਜੂਨ ਨੂੰ ਸ਼ੁਰੂ ਹੋਏ ਝੋਨੇ ਦਾ ਸੀਜ਼ਨ ਲਈ ਪਾਵਰਕੌਮ ਰੋਜ਼ਾਨਾ ਅੱਠ ਘੰਟੇ ਬਿਜਲੀ ਸਪਲਾਈ ਦੇ ਰਿਹਾ ਸੀ।


ਪਾਵਰਕੌਮ ਦੇ ਸੂਤਰਾਂ ਮੁਤਾਬਕ ਝੋਨੇ ਦਾ ਸੀਜ਼ਨ 30 ਸਤੰਬਰ ਤੇ ਪਹਿਲੀ ਅਕਬਤੂਬਰ ਦੀ ਅੱਧੀ ਰਾਤ 12 ਵਜੇ ਸਮਾਪਤ ਹੋ ਗਿਆ ਹੈ। ਅਜਿਹੇ ਦੌਰਾਨ ਤਿੰਨ ਗਰੁੱਪਾਂ ਵਿੱਚ ਅੱਠ ਘੰਟੇ ਰੋਜ਼ਾਨਾ ਬਿਜਲੀ ਸਪਲਾਈ ਦੀ ਜੋ ਵਿਵਸਥਾ 13 ਜੂਨ ਨੂੰ ਲਾਗੂ ਕੀਤੀ ਗਈ ਸੀ, ਉਹ ਲੰਘੀ ਅੱਧੀ ਰਾਤ ਦੌਰਾਨ ਤਬਦੀਲ ਕਰ ਦਿੱਤੀ ਗਈ ਹੈ। ਨਵੇਂ ਖੇਤੀ ਸਪਲਾਈ ਸ਼ਡਿਊਲ ਅਨੁਸਾਰ ਪਹਿਲੀ ਅਕਤੂਬਰ ਤੋਂ 31 ਮਾਰਚ ਤੱਕ ਇੱਕ ਦਿਨ ਛੱਡ ਕੇ 10 ਘੰਟੇ ਬਿਜਲੀ ਛੱਡੀ ਜਾਇਆ ਕਰੇਗੀ।

ਸੂਤਰਾਂ ਮੁਤਾਬਕ ਝੋਨੇ ਦੇ ਇਸ ਸੀਜ਼ਨ ਦੌਰਾਨ ਬਿਜਲੀ ਸਪਲਾਈ ਦੀ ਵੱਧ ਤੋਂ ਵੱਧ ਮੰਗ ਦਾ ਅੰਕੜਾ 12,678 ਮੈਗਾਵਾਟ ਨੂੰ ਛੂਹ ਗਿਆ, ਜੋ ਐਤਕੀਂ ਨਵਾਂ ਰਿਕਾਰਡ ਹੈ। ਇਸ ਵਿੱਤੀ ਵਰ੍ਹੇ ਦੌਰਾਨ ਪਾਵਰਕੌਮ ਨੇ ਹੁਣ ਤੱਕ 12 ਹਜ਼ਾਰ ਕਰੋੜ ਰੁਪਏ ਦੀ ਬਿਜਲੀ ਬਾਹਰੀ ਖੇਤਰਾਂ ਤੋਂ ਖਰੀਦੀ ਹੈ।