ਚੰਡੀਗੜ੍ਹ: ਅਗੇਤਾ ਝੋਨਾ ਲਾਉਣ ਵਾਲਿਆਂ ਨੂੰ ਕੋਈ ਸਬਸਿਡੀ ਨਹੀਂ ਮਿਲੇਗੀ। ਇਸ ਵਿੱਚ ਖੇਤੀ ਸੰਦਾਂ, ਬੀਜਾਂ ਤੇ ਬਿਜਲੀ ਬਿੱਲਾਂ ਆਦਿ ਲਈ ਦਿੱਤੀ ਜਾਂਦੀ ਸਬਸਿਡੀ ਸ਼ਾਮਲ ਹੈ। ਸਰਕਾਰ ਨੇ ਅਜਿਹੇ ਕਿਸਾਨਾਂ ਦੀਆਂ ਲਿਸਟਾਂ ਤਿਆਰ ਕਰਨ ਦਾ ਹੁਕਮ ਦਿੱਤਾ ਹੈ। ਸਰਕਾਰ ਨੇ ਝੋਨੇ ਦੀ ਅਗੇਤੀ ਲਵਾਈ ਰੋਕਣ ਲਈ ਹੁਣ ਇਹ ਨਵਾਂ ਦਾਅ ਖੇਡਿਆ ਹੈ।

 

ਖੇਤੀ ਮਹਿਕਮੇ ਨੇ ਚਿਤਾਵਨੀ ਦਿੱਤੀ ਹੈ ਕਿ ਜੋ ਵੀ ਕਿਸਾਨ ਅਗੇਤਾ ਝੋਨਾ ਲਾਏਗਾ, ਉਸ ਨੂੰ ਪੰਜਾਬ ਸਰਕਾਰ ਤਰਫ਼ੋਂ ਕਿਸੇ ਵੀ ਤਰ੍ਹਾਂ ਦੀ ਖੇਤੀ ਸਬਸਿਡੀ ਦਾ ਲਾਭ ਨਹੀਂ ਦਿੱਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਕਣਕ ਤੇ ਹੋਰਨਾਂ ਬੀਜਾਂ ਤੋਂ ਇਲਾਵਾ ਖੇਤੀ ਮਸ਼ੀਨਰੀ ’ਤੇ ਵੀ ਸਬਸਿਡੀ ਦਿੱਤੀ ਜਾਂਦੀ ਹੈ।

ਖੇਤੀ ਮਹਿਕਮਾ ਦੀ ਚੇਤਾਵਨੀ ਹੈ ਕਿ 20 ਜੂਨ ਤੋਂ ਪਹਿਲਾਂ ਅਗੇਤਾ ਝੋਨਾ ਲਾਉਣ ਵਾਲੇ ਕਿਸਾਨ ਇਨ੍ਹਾਂ ਸਬਸਿਡੀਆਂ ਤੋਂ ਵਾਂਝੇ ਰਹਿ ਜਾਣਗੇ। ਖੇਤੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਰਾਜੇਸ਼ ਵਸ਼ਿਸ਼ਟ ਨੇ ਦੱਸਿਆ ਕਿ ਉਨ੍ਹਾਂ ਨੇ ਅਗੇਤੀ ਲਵਾਈ ਬਾਰੇ ਮੁੱਖ ਖੇਤੀਬਾੜੀ ਅਫ਼ਸਰਾਂ ਤੋਂ ਵੇਰਵੇ ਮੰਗੇ ਹਨ ਜਿਸ ਵਿੱਚ ਕਿਸਾਨਾਂ ਦੇ ਨਾਮ ਤੇ ਅਗੇਤੇ ਝੋਨੇ ਹੇਠ ਆਏ ਰਕਬੇ ਦਾ ਵੇਰਵਾ ਸ਼ਾਮਲ ਹੈ।

ਦਰਅਸਲ ਸਰਕਾਰ ਦੀ ਸਖਤੀ ਦੇ ਬਾਵਜੂਦ ਕਿਸਾਨ 20 ਜੂਨ ਤੋਂ ਪਹਿਲਾਂ ਹੀ ਝੋਨਾ ਲਾ ਰਹੇ ਹਨ। ਸ਼ੁਰੂ ਵਿੱਚ ਖੇਤੀ ਮਹਿਕਮੇ ਨੇ ਸਖਤੀ ਕੀਤੀ ਸੀ ਪਰ ਹੁਣ ਖੇਤੀ ਅਫ਼ਸਰ ਖੇਤਾਂ ਵਿੱਚ ਆਉਣ ਤੋਂ ਪਾਸਾ ਵੱਟਣ ਲੱਗੇ ਹਨ। ਇਸ ਲਈ ਸਰਕਾਰ ਨੇ ਸਬਸਿਡੀ ਬੰਦ ਕਰਨ ਦਾ ਡਰਾਵਾ ਦਿੱਤਾ ਹੈ।