ਚੰਡੀਗੜ੍ਹ: ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਕਿਸੇ ਛੋਟੇ ਕਿਸਾਨ ਦੀ ਜ਼ਮੀਨ ਕੁਰਕ ਨਹੀਂ ਕੀਤੀ ਜਾ ਰਹੀ। ਸਿਰਫ ਧਨਾਢ ਕਿਸਾਨਾਂ ਦੀ ਜ਼ਮੀਨ ਕੁਰਕ ਹੋ ਰਹੀ ਹੈ ਜੋ ਮੋਟੇ ਕਰਜ਼ੇ ਲੈ ਕੇ ਨਹੀਂ ਮੋੜ ਰਹੇ। ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਕਰੀਬੀ ਬਲਕਰਨ ਨੂੰ ਵੀ ਨੋਟਿਸ ਭੇਜਿਆ ਗਿਆ ਹੈ। ਇਸੇ ਲਈ ਅਕਾਲੀ ਰੌਲਾ ਪਾ ਰਹੇ ਹਨ।


 

ਉਨ੍ਹਾਂ ਕਿਹਾ, "ਅਸੀਂ ਕਿਸੇ ਗਰੀਬ ਕਿਸਾਨ ਦੀ ਜ਼ਮੀਨ ਕੁਰਕ ਕਰਨ ਲਈ ਨਹੀਂ ਕਿਹਾ। ਬੈਂਕ ਨੇ ਅਮੀਰ ਕਿਸਾਨਾਂ ਨੂੰ ਨੋਟਿਸ ਜ਼ਰੂਰ ਭੇਜੇ ਹਨ। ਉਹ ਵੀ ਸਿਰਫ ਆਪਣੇ ਪੈਸੇ ਲੈਣ ਲਈ। ਸਾਡੇ ਖ਼ਿਲਾਫ਼ ਸਭ ਗ਼ਲਤ ਪ੍ਰਚਾਰ ਹੈ। ਕਿਸੇ ਕਿਸਾਨ ਦੀ ਜ਼ਮੀਨ ਕੁਰਕ ਨਹੀਂ ਹੋਵੇਗੀ।" ਮੰਤਰੀ ਨੇ ਕਿਹਾ, "ਜੇ ਕਿਸਾਨਾਂ ਤੋਂ ਪੈਸੇ ਵਾਪਸ ਨਹੀਂ ਲਵਾਂਗੇ ਤਾਂ ਬੈਂਕ ਕਿਵੇਂ ਚੱਲਣਗੇ।"

ਯਾਦ ਰਹੇ ਪੰਜਾਬ ਖੇਤੀਬਾੜੀ ਵਿਕਾਸ ਬੈਂਕ (ਪੀਏਡੀਪੀ) ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਕੁਰਕ ਕਰਨ ਦੇ ਨੋਟਿਸ ਭੇਜੇ ਹਨ। ਇਹ ਬੈਂਕ ਪੰਜਾਬ ਸਰਕਾਰ ਦਾ ਆਧਾਰਾ ਹੈ। ਇਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਕਾਂਗਰਸ ਨੂੰ ਘੇਰ ਰਹੇ ਹਨ।

'ਆਪ' ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੈਪਟਨ ਸਰਕਾਰ ਨੇ ਪਹਿਲਾਂ ਹੀ ਕਰਜ਼ੇ ਦੇ ਭੰਨ੍ਹੇ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਨ ਵਾਲੇ ਇਸ 'ਰਾਜਾਸ਼ਾਹੀ' ਫ਼ਰਮਾਨ ਨੂੰ ਵਾਪਸ ਨਾ ਲਿਆ ਤਾਂ ਆਮ ਆਦਮੀ ਪਾਰਟੀ ਦਾ ਕਿਸਾਨ ਵਿੰਗ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਦੇ ਪਟਿਆਲਾ ਡਿਵੀਜ਼ਨ ਦੇ ਦਫ਼ਤਰ ਦਾ ਘਿਰਾਓ ਕਰੇਗਾ।