ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ 112 ਪਦਮ ਐਵਾਰਡਾਂ ਦਾ ਐਲਾਨ ਕਰ ਦਿੱਤਾ ਹੈ ਜਿਸ ‘ਚ ਪੰਜਾਬ ਦੇ ਦੋ ਸਿਆਸਤਦਾਨ ਵੀ ਸ਼ਾਮਲ ਹਨ। ਰਾਜ ਸਭਾ ਮੈਂਬਰ ਤੇ ਸੀਨੀਅਰ ਅਕਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਅਤੇ ਆਮ ਆਦਮੀ ਪਾਰਟੀ ਛੱਡ ਚੁੱਕੇ ਵਿਧਾਇਕ ਐਚ.ਐਸ. ਫੂਲਕਾ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੂੰ ਵੀ ਪਦਮਸ਼੍ਰੀ ਪੁਰਸਕਾਰ ਦਿੱਤਾ ਜਾਵੇਗਾ।


ਡਾ. ਢਿੱਲੋਂ ਨੂੰ ਖੇਤੀ ਵਿਗਿਆਨ ਵਿੱਚ ਵਡਮੁੱਲਾ ਯੋਗਦਾਨ ਪਾਉਣ ਬਦਲੇ ਇਹ ਸਨਮਾਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਮੱਕੀ ਦੀਆਂ ਉੱਤਮ ਕਿਸਮਾਂ ਵਿਕਸਤ ਕਰਨ ਵਿੱਚ ਜ਼ਿਕਰਯੋਗ ਭੂਮਿਕਾ ਨਿਭਾਈ। ਉੱਧਰ, ਸਿਆਸਤ ਤੋਂ ਕਿਨਾਰਾ ਕਰ ਚੁੱਕੇ 1984 ਸਿੱਖ ਕਤਲੇਆਮ ਦੇ ਵਕੀਲ ਐਚ.ਐਸ. ਫੂਲਕਾ ਖ਼ੁਦ ਨੂੰ ਸਨਮਾਨ ਮਿਲਣ 'ਤੇ ਹੈਰਾਨ ਹਨ। ਉਨ੍ਹਾਂ ਕਿਹਾ ਕਿ ਨਿਆਂ ਲਈ ਲੜਨ ਬਦਲੇ ਪਦਮਸ਼੍ਰੀ ਮਿਲਣਾ ਖੁਸ਼ੀ ਵਾਲੀ ਗੱਲ ਹੈ।

ਇਹ ਵੀ ਪੜ੍ਹੋ: ਭਾਰਤ ਸਰਕਾਰ ਨੇ ਐਲਾਨੇ 112 ਪਦਮ ਐਵਾਰਡ

ਉੱਧਰ, ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਇਸ ਵੱਕਾਰੀ ਸਨਮਾਨ ਮਿਲਣ 'ਤੇ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਜ਼ਿਕਰਯੋਗ ਹੈ ਕਿ ਹਰ ਸਾਲ ਵਾਂਗ ਇਸ ਵਾਰ ਵੀ ਗਣਤੰਤਰ ਦਿਵਸ ਮੌਕੇ ਕੇਂਦਰ ਸਰਕਾਰ ਨੇ ਚਾਰ ਪਦਮਵਿਭੂਸ਼ਨ, 14 ਪਦਮਭੂਸ਼ਨ ਤੇ 94 ਪਦਮਸ਼੍ਰੀ ਐਵਾਰਡ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ ‘ਚ 21 ਔਰਤਾਂ ਤੇ ਇੱਕ ਟ੍ਰਾਂਸਜੈਂਡਰ ਵੀ ਸ਼ਾਮਲ ਹੈ। ਪਦਮ ਅਵਾਰਡ ਜੇਤੂ ਦੇ ਨਾਂਵਾਂ ‘ਚ ਇਸ ਵਾਰ ਮਰਹੂਮ ਦਿੱਗਜ ਪੱਤਰਕਾਰ ਕੁਲਦੀਪ ਨਈਅਰ (ਮਰਨ ਉਪਰੰਤ), ਕ੍ਰਿਕਟਰ ਗੌਤਮ ਗੰਭੀਰ, ਭਾਰਤੀ ਕੋਰਿਓਗ੍ਰਾਫਰ ਪ੍ਰਭੂਦੇਵਾ, ਮਰਹੂਮ ਅਦਾਕਾਰ ਕਾਦਰ ਖ਼ਾਨ (ਮਰਨ ਉਪਰੰਤ)ਅਤੇ ਹੋਰ ਕਈ ਸ਼ਾਮਲ ਹਨ।

ਪਦਮ ਪੁਰਸਕਾਰਾਂ ਦੀ ਪੂਰੀ ਸੂਚੀ ਪੜ੍ਹਨ ਲਈ ਇੱਥੇ ਕਲਿੱਕ ਕਰੋ