ਚੰਡੀਗੜ੍ਹ: ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖਰੀਦ ਲਈ ਰਿਜ਼ਰਵ ਬੈਂਕ ਵੱਲੋਂ 26 ਹਜ਼ਾਰ ਕਰੋੜ ਰੁਪਏ ਦੀ ਲਿਮਟ ਜਾਰੀ ਕਰਨ ਦੀ ਸਹਿਮਤੀ ਪ੍ਰਗਟਾਈ ਹੈ। ਰਾਜ ਦੇ ਖ਼ੁਰਾਕ ਤੇ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਅਤੇ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਰਿਜ਼ਰਵ ਬੈਂਕ ਦੇ ਚੈਅਰਮੈਨ ਨਾਲ ਮੁੰਬਈ ਵਿੱਚ ਹੋਈ ਮੀਟਿੰਗ ਤੋਂ ਬਾਅਦ ਇਹ ਸਹਿਮਤੀ ਮਿਲੀ ਹੈ।
ਜਾਣਕਾਰੀ ਮੁਤਾਬਿਕ ਇਸ ਬਾਰ ਇਸ ਸਾਲ ਰਾਜ 'ਚ ਕੋਈ 150 ਲੱਖ ਟਨ ਝੋਨਾ ਮੰਡੀਆਂ ਵਿਚ ਆਉਣ ਦੀ ਸੰਭਾਵਨਾ ਹੈ, ਜਦੋਂਕਿ ਮਗਰਲੇ ਸਾਲ 135 ਲੱਖ ਟਨ ਝੋਨੇ ਦੀ ਖ਼ਰੀਦ ਹੋਈ ਸੀ। ਝੋਨੇ ਦੀ ਪੈਦਾਵਾਰ ਪਿਛਲੇ ਸਾਲ ਨਾਲੋਂ 10-12 ਫੀਸਦੀ ਵਧੇਰੇ ਹੋਣ ਕਾਰਨ ਰਾਜ ਸਰਕਾਰ ਨੂੰ ਵੀ ਝੋਨੇ ਦੀ ਖ਼ਰੀਦ ਦਾ ਕੰਮ ਪਹਿਲੇ ਦਿਨ ਤੋਂ ਹੀ ਪੂਰੇ ਜ਼ੋਰ ਨਾਲ ਸ਼ੁਰੂ ਹੋ ਜਾਵੇਗਾ। ਝੋਨੇ ਦੀ ਆਮਦ ਵਧਣ ਕਾਰਨ ਮੰਡੀਆਂ 'ਚ ਖ਼ਰੀਦ ਸਬੰਧੀ ਸਮੱਸਿਆ ਪੈਦਾ ਨਾ ਹੋਣ ਦੇਣ ਲਈ ਪੁਖਤਾ ਪ੍ਰਬੰਧ ਕਰਨਾ ਚਾਹੁੰਦੀ ਹੈ।
ਸੂਤਰਾਂ ਮੁਤਾਬਿਕ ਕੇਂਦਰੀ ਵਿੱਤ ਮੰਤਰਾਲੇ ਵੱਲੋਂ ਵੀ ਪੰਜਾਬ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਮੌਜੂਦਾ ਸਰਕਾਰ ਦੀਆਂ ਮੁਸ਼ਕਿਲਾਂ ਨੂੰ ਮਹਿਸੂਸ ਕਰਦਿਆਂ ਰਿਜ਼ਰਵ ਬੈਂਕ ਨੂੰ ਝੋਨੇ ਦੀ ਖ਼ਰੀਦ ਲਈ ਕਰਜ਼ਾ ਰਾਸ਼ੀ ਜਾਰੀ ਕਰਨ ਲਈ ਸਹਿਮਤ ਕਰਨ ਹਿੱਤ ਅਹਿਮ ਭੂਮਿਕਾ ਨਿਭਾਈ।