ਚੰਡੀਗੜ੍ਹ: ਕਿਸਾਨ ਜਥੇਬੰਦੀਆਂ ਝੋਨੇ ਦੀ ਲਵਾਈ 20 ਜੂਨ ਤੋਂ ਮਗਰੋਂ ਕਰਨ ਦੇ ਸਰਕਾਰੀ ਫਰਮਾਨ ਖਿਲਾਫ ਡਟ ਗਈਆਂ ਹਨ। ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨਾਂ ਨੇ 10 ਜੂਨ ਤੋਂ ਹੀ ਝੋਨੇ ਦੀ ਲੁਆਈ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛੇਤਾ ਝੋਨਾ ਕਿਸਾਨਾਂ ਨੂੰ ਵੱਡਾ ਘਾਟਾ ਪਾਉਂਦਾ ਹੈ। ਇਸ ਦਾ ਅਗਲੀ ਫਸਲ ਦੇ ਝਾੜ ਉੱਪਰ ਵੀ ਅਸਰ ਪੈਂਦਾ ਹੈ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਕਿਸਾਨਾਂ ਦਾ ਝੋਨਾ ਵਾਹੁਣ ਵਾਲੇ ਅਧਿਕਾਰੀਆਂ ਦਾ ਸਖ਼ਤ ਵਿਰੋਧ ਕਰਨ ਦੇ ਨਾਲ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ।
ਕਿਸਾਨ ਲੀਡਰਾਂ ਨੇ ਕਿਹਾ ਹੈ ਕਿ ਪਿਛਲੇ ਸਾਲ 15 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਣ 'ਤੇ ਵੀ ਛੋਟੇ ਤੇ ਗਰੀਬ ਕਿਸਾਨਾਂ ਦਾ ਝੋਨਾ ਕਾਫੀ ਪਛੇਤਾ ਹੋ ਗਿਆ ਸੀ। ਇਸ ਕਾਰਨ ਵਿਕਰੀ ਸਮੇਂ ਸਿੱਲ੍ਹ ਵਧੇਰੇ ਹੋਣ ਦੇ ਬਹਾਨੇ ਉਨ੍ਹਾਂ ਨੂੰ ਖਰੀਦ ਇੰਸਪੈਕਟਰਾਂ ਤੇ ਵਪਾਰੀਆਂ ਦੀ ਲੁੱਟ ਦਾ ਸ਼ਿਕਾਰ ਹੋਣਾ ਪਿਆ ਸੀ।
ਕਿਸਾਨ ਜਥੇਬੰਦੀਆਂ ਨੇ ਇਸ ਵਾਰ ਮੰਗ ਕੀਤੀ ਸੀ ਕਿ 20 ਜੂਨ ਤੋਂ ਪਛੇਤਾ ਝੋਨਾ ਲਾਉਣ ਲਈ ਸਿੱਲ੍ਹ ਦੀ ਮਾਤਰਾ 24% ਕੀਤੀ ਜਾਵੇ, ਪਰ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ਲਿਹਾਜ਼ਾ ਕਿਸਾਨਾਂ ਦੀ ਅੰਨ੍ਹੀ ਲੁੱਟ ਨੂੰ ਰੋਕਣ ਲਈ ਹੀ ਐਤਕੀਂ 10 ਜੂਨ ਤੋਂ ਝੋਨਾ ਲਾਉਣਾ ਪੈ ਰਿਹਾ ਹੈ। ਯਾਦ ਰਹੇ ਖੇਤੀ ਵਿਭਾਗ ਨੇ ਕਿਸਾਨਾਂ ਨੂੰ ਪਾਣੀ ਬਚਾਉਣ ਵਿੱਚ ਸਹਾਈ ਹੋਣ ਦੀ ਅਪੀਲ ਕਰਦਿਆਂ ਸਮੇਂ ਤੋਂ ਪਹਿਲਾਂ ਲੱਗ ਰਿਹਾ ਝੋਨਾ ਵਾਹੁਣ ਤੇ ਜੁਰਮਾਨੇ ਕਰਨ ਦੀ ਚਿਤਾਵਨੀ ਦਿੱਤੀ ਹੈ।