ਚੰਡੀਗੜ੍ਹ : ਮਾਨਸਾ ਦੇ ਪਿੰਡ ਖਿਆਲਾ ਕਲਾਂ ਸਥਿਤ ਮਾਲਵਾ ਪਬਲਿਕ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਅੱਜ ਸਕੂਲ ਦੀ ਇਮਾਰਤ ਨਾਲ ਲੱਗਦੇ ਦੋ ਏਕੜ ਝੋਨੇ ਦੇ ਖੇਤ ਨੂੰ ਖ਼ੁਦ ਵਿਹਲਾ ਕਰਕੇ ਪਰਾਲੀ ਸਾੜੇ ਜਾਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਦਾ ਉਪਰਾਲਾ ਕੀਤਾ ਹੈ। ਇਸ ਤੋਂ ਪਹਿਲਾਂ ਵਿਦਿਆਰਥੀਆਂ ਨੇ ਇਸ ਖੇਤ ਨੂੰ ਅੱਗ ਲਗਾਉਣ ਦੀ ਤਿਆਰੀ ਕਰ ਰਹੇ ਕਿਸਾਨ ਨੂੰ ਬੇਨਤੀ ਕਰਕੇ ਪਰਾਲੀ ਨਾ ਸਾੜਨ ਦੀ ਸਲਾਹ ਦਿੱਤੀ ਸੀ।


ਵਿਦਿਆਰਥੀਆਂ ਨੇ ਦੱਸਿਆ ਕਿ ਪਰਾਲੀ ਸਾੜਨ ਨਾਲ ਸਕੂਲ ਸਮੇਤ ਪੂਰੇ ਪਿੰਡ ਵਿੱਚ ਧੂੰਆਂ ਫੈਲਣਾ ਸੀ ਅਤੇ ਖੇਤ ਵਿਚਲੇ ਕੀਟ-ਪਤੰਗੇ ਸੜ ਕੇ ਸੁਆਹ ਹੋ ਜਾਣੇ ਸਨ। ਜਦੋਂ ਕਿਸਾਨ ਨੇ ਵਿਦਿਆਰਥੀਆਂ ਨੂੰ ਆਪਣੀ ਆਰਥਿਕ ਮਜਬੂਰੀ ਦੱਸੀ ਤਾਂ ਵੱਡੀਆਂ ਜਮਾਤਾਂ ਦੇ ਇੱਕ ਸੌ ਵਿਦਿਆਰਥੀ ਕਿਸਾਨ ਦੀ ਮੱਦਦ ਲਈ ਖੇਤ ਵਿੱਚ ਪੁੱਜੇ।

ਵਿਦਿਆਰਥੀਆਂ ਨੇ ਸਕੂਲ ਮੁਖੀ ਤੋਂ ਇਜਾਜ਼ਤ ਲੈ ਕੇ ਅੱਧੀ ਛੁੱਟੀ ਦੌਰਾਨ ਅੱਧੇ ਘੰਟੇ ਵਿੱਚ ਦੋ ਏਕੜ ਪਰਾਲੀ ਦਾ ਵੱਡਾ ਢੇਰ ਲਾ ਦਿੱਤਾ। ਚਾਰ-ਚਾਰ ਦੇ ਗਰੁੱਪ ਬਣਾ ਕੇ ਕੁਝ ਵਿਦਿਆਰਥੀ ਪਰਾਲੀ ਦੀਆਂ ਢੇਰੀਆਂ ਬਣਾਉਂਦੇ ਰਹੇ ਅਤੇ ਕੁਝ ਪੱਲੀਆਂ ਵਿੱਚ ਭਰ-ਭਰ ਕੇ ਇੱਕ ਥਾਂ ਵੱਡਾ ਢੇਰ ਲਾਉਂਦੇ ਰਹੇ।

ਵਿਦਿਆਰਥੀਆਂ ਗੁਰਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਕੁਲਵਿੰਦਰ ਸਿੰਘ ਤੇ ਸੰਦੀਪ ਸਿੰਘ ਨੇ ਕਿਹਾ ਕਿ ਅੱਜ ਦਾ ਇਹ ਕਾਰਜ ਉਨ੍ਹਾਂ ਅਧਿਆਪਕਾਂ ਵੱਲੋਂ ਦਿੱਤੀ ਜਾਂਦੀ ਚੰਗੀ ਸਿੱਖਿਆ ਕਰ ਕੇ ਕੀਤਾ ਹੈ। ਅੱਜ ਦੀ ਸੇਵਾ ਉਹ 14 ਨਵੰਬਰ ਦੇ ਬਾਲ ਦਿਵਸ ਨੂੰ ਸਮਰਪਿਤ ਕਰਦੇ ਹਨ। ਇਸ ਤਰ੍ਹਾਂ ਦਾ ਵੱਖਰਾ ਉਪਰਾਲਾ ਕਰਕੇ ਵਿਦਿਆਰਥੀਆਂ ਨੇ ਖਿਆਲਾ ਕਲਾਂ ਅਤੇ ਮਲਕਪੁਰ ਪਿੰਡਾਂ ਦੇ ਖੇਤ ਨੇੜਲੇ ਘਰਾਂ ਵਾਲਿਆਂ ਨੂੰ ਪਰਾਲੀ ਦੇ ਧੂੰਏਂ ਤੋਂ ਵੀ ਬਚਾਅ ਲਿਆ ਹੈ।

ਹੁਣ ਕਿਸਾਨ ਇਸ ਪਰਾਲੀ ਦੇ ਢੇਰ ਨੂੰ ਆਪਣੇ ਪਸ਼ੂਆਂ ਦੇ ਖਾਣ ਲਈ ਚਾਰੇ ਅਤੇ ਸੁੱਕ ਵਜੋਂ ਵਰਤੇਗਾ। ਸਕੂਲ ਮੁਖੀ ਨੇ ਵਿਦਿਆਰਥੀਆਂ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਹੈ। ਇਸ ਮੌਕੇ ਜਗਰੂਪ ਸਿੰਘ, ਗੁਰਪ੍ਰੀਤ ਸਿੰਘ, ਕਰਨੈਲ ਸਿੰਘ, ਬਲਵੰਤ ਸਿੰਘ, ਬਲਜੀਤ ਸਿੰਘ ਅਤੇ ਗੁਰਲਾਲ ਸਿੰਘ ਨੇ ਵੀ ਪਰਾਲੀ ਚੁੱਕਣ ਵਿੱਚ ਵਿਦਿਆਰਥੀਆਂ ਦੀ ਮੱਦਦ ਕੀਤੀ।