ਫ਼ਿਰੋਜ਼ਪੁਰ: ਸਰਕਾਰ ਵੱਲੋਂ ਪਰਾਲ਼ੀ ਦੇ ਨਿਪਟਾਰੇ ਦੇ ਯੋਗ ਹੱਲ ਨਾ ਕਰਨ ਦਾ ਦੋਸ਼ ਲਾਉਂਦਿਆਂ ਕਿਸਾਨਾਂ ਨੇ ਦੁਸਹਿਰੇ ਤੋਂ ਪਹਿਲਾਂ ਹੀ ਖੇਤਾਂ ਵਿੱਚ ਭਾਂਬੜ ਬਾਲਣੇ ਸ਼ੁਰੂ ਕਰ ਦਿੱਤੇ ਹਨ। ਕਿਸਾਨਾਂ ਨੇ ਸ਼ਨੀਵਾਰ ਨੂੰ ਫ਼ਸਲ ਦੀ ਰਹਿੰਦ-ਖੂਹੰਦ ਸਾੜ ਕੇ ਰੋਸ ਪ੍ਰਗਟਾਇਆ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੁਨੌਤੀ ਦਿੱਤੀ।
ਫ਼ਿਰੋਜ਼ਪੁਰ ਦੇ ਪਿੰਡ ਮਹਿਮਾ ਵਿੱਚ ਕਿਸਾਨਾਂ ਵੱਲੋਂ ਸਰਕਾਰ ਦੀਆਂ ਮਾੜੀਆਂ ਨੀਤੀਆਂ ਦਾ ਵਿਰੋਧ ਕਰਦਿਆਂ ਕਿਸਾਨਾਂ ਨੇ ਖੇਤਾਂ ਵਿੱਚ ਝੋਨੇ ਦੇ ਨਾੜ ਨੂੰ ਅੱਗ ਲਾ ਦਿੱਤੀ। ਰੋਹ ਵਿਚ ਆਏ ਕਿਸਾਨਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀ ਬਾਂਹ ਫੜਣ ਦੀ ਬਜਾਏ ਨਿੱਤ ਨਵੇਂ ਬੋਝ ਪਾ ਰਹੀ ਹੈ, ਜਿਸ ਦਾ ਉਹ ਡਟਵਾਂ ਵਿਰੋਧ ਕਰਦੇ ਹਨ।
ਕਿਸਾਨਾਂ ਨੇ ਕਿਹਾ ਕਿ ਸਰਕਾਰ ਕੋਈ ਮੁਆਵਜ਼ਾ ਨਹੀਂ ਦਿੰਦੀ ਤਾਂ ਪਰਾਲ਼ੀ ਨੂੰ ਸਾੜਨ ਤੋਂ ਕੋਈ ਬਦਲਵਾਂ ਹੱਲ ਮੌਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਖੇਤੀ ਤੇ ਪਰਿਵਾਰਕ ਖਰਚਿਆਂ ਨੂੰ ਚੁੱਕਣ ਤੋਂ ਅਸਮਰੱਥ ਹੋ ਰਿਹਾ ਹੈ ਅਤੇ ਉਹ ਹੋਰ ਖ਼ਰਚ ਨਹੀਂ ਕਰ ਸਕਦਾ।