ਅੰਮ੍ਰਿਤਸਰ: ਪੂਰੇ ਪੰਜਾਬ ਦੇ ਪਟਵਾਰੀ ਦੋ ਦਿਨਾਂ ਸਮੂਹਿਕ ਹੜਤਾਲ 'ਤੇ ਚਲੇ ਗਏ ਹਨ। ਪਟਵਾਰੀਆਂ ਦੀ ਹੜਤਾਲ ਬਠਿੰਡਾ ਦੇ ਡਿਪਟੀ ਕਮਿਸ਼ਨਰ ਪੁਨੀਤ ਭਾਰਦਵਾਜ ਦੇ ਰਵੱਈਏ ਖਿਲਾਫ ਹੈ। ਬਠਿੰਡਾ ਵਿੱਚ ਪਟਵਾਰੀ ਪਿਛਲੇ 10 ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੀ ਹਮਾਇਤ 'ਤੇ ਉੱਤਰਦੇ ਸੂਬੇ ਭਰ ਦੇ ਪਟਵਾਰੀਆਂ ਨੇ ਦੋ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਹੈ।
ਇਸ ਕਾਰਨ ਪਟਵਾਰਖਾਨਿਆਂ ਨੂੰ ਅੱਜ ਤੇ ਭਲਕੇ ਤਾਲੇ ਲੱਗੇ ਰਹਿਣਗੇ। ਇਸ ਕਾਰਨ ਲੋਕਾਂ ਦੀ ਖੱਜਲ ਖੁਆਰੀ ਵਧੇਗੀ ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਪਟਵਾਰੀਆਂ ਨੇ ਐਲਾਨ ਕੀਤਾ ਹੈ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਸੰਘਰਸ਼ ਜਾਰੀ ਰਹੇਗਾ।
ਅੰਮ੍ਰਿਤਸਰ ਦੇ ਪਟਵਾਰੀਆਂ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਜਿਨ੍ਹਾਂ ਚਿਰ ਤੱਕ ਡੀਸੀ ਬਠਿੰਡਾ ਆਪਣੀ ਗਲਤੀ ਨਹੀਂ ਮੰਨਦੇ ਤੇ ਨਾਲ ਹੀ ਇਨਕਰੀਮੈਂਟ ਸਬੰਧੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਓਨਾ ਚਿਰ ਤੱਕ ਪਟਵਾਰੀ ਹੜਤਾਲ 'ਤੇ ਰਹਿਣਗੇ। ਪਟਵਾਰ ਯੂਨੀਅਨ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਧਾਨ ਕੁਲਵੰਤ ਸਿੰਘ ਡੇਹਰੀਵਾਲ ਨੇ ਦੱਸਿਆ ਕਿ ਜਿੰਨਾ ਚਿਰ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਜਾਰੀ ਰਹੇਗਾ। ਇਸ ਸਬੰਧੀ ਬਕਾਇਦਾ ਰੈਵੀਨਿਊ ਵਿਭਾਗ ਦੇ ਜ਼ਿਲ੍ਹਾ ਅਫ਼ਸਰ ਡੀਆਰਓ ਨੂੰ ਵੀ ਮੰਗ ਪੱਤਰ ਵੀ ਦਿੱਤਾ ਗਿਆ।