Ludhiana News: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋ ਝੋਨੇ ਦੀ ਪਰਾਲੀ ਅਤੇ ਕਣਕ ਦੀ ਬਿਜਾਈ ਲਈ ‘ਸਰਫੇਸ ਸੀਡਿੰਗ-ਕਮ-ਮਲਚਿੰਗ ਨਾਮਕ ਤਕਨੀਕ ਵਿਕਸਿਤ ਕੀਤੀ ਗਈ ਹੈ|ਝੋਨੇ ਦੀ ਵਾਢੀ ਦੌਰਾਨ 22 ਲੱਖ ਟਨ ਪਰਾਲੀ ਨੂੰ ਸਾਂਭਣਾ ਇੱਕ ਵੱਡੀ ਚਣੌਤੀ ੳੱਭਰ ਕੇ ਆਉਦੀ ਹੈ| ਝੋਨੇ ਦੀ ਵਾਢੀ ਅਤੇ ਕਣਕ ਦੀ ਬਿਜਾਈ ਦੇ ਅੰਤਰਾਲ ਦਾ ਸਮਾਂ ਘੱਟ ਹੋਣ ਕਰਕੇ, ਕਾਫੀ ਜਿਆਦਾ ਖੇਤੀ ਸੰਦ ਉਪਲੱਬਧ ਹੋਣ ਦੇ ਬਾਵਜੂਦ ਵੀ ਇਹਨਾਂ ਸੰਦਾਂ ਦੀਆਂ ਜ਼ਿਆਦਾ ਕੀਮਤਾਂ ਅਤੇ ਚਲੰਤ ਖਰਚਿਆ ਦੇ ਕਾਰਨ ਪਰਾਲੀ ਨੂੰ ਅੱਗ ਲਗਾ ਦਿੰਦੇ ਹਨ|
ਇਸ ਮਸਲੇ ਦੇ ਸਥਾਈ ਹੱਲ: ਅਤੇ ਕਣਕ ਦੀ ਬਿਜਾਈ ਲਈ ਪੀ ਏ ਯੂ ਵੱਲੋਂ ‘ਸਰਫੇਸ ਸੀਡਿੰਗ-ਕਮ-ਮਲਚਿੰਗ’ ਨਾਮਕ ਤਕਨੀਕ ਵਿਕਸਿਤ ਕੀਤੀ ਗਈ ਹੈ| ਇਸ ਤਕਨੀਕ ਬਾਰੇ ਗੱਲਬਾਤ ਦੌਰਾਨ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਇਸ ਤਕਨੀਕ ਨਾਲ ਅਸੀ ਝੋਨੇ ਦੀ ਪਰਾਲੀ ਨੂੰ ਸਾਂਭਣ ਦੇ ਨਾਲੋ-ਨਾਲ ਕਣਕ ਦੀ ਵੇਲੇ ਸਿਰ ਹੀ ਨਹੀਂ ਬਲਕਿ ਅਗੇਤੀ ਬਿਜਾਈ ਵੀ ਕਰ ਸਕਦੇ ਹਾਂ| ਇਸ ਦੌਰਾਨ ਡਾ ਗੋਸਲ ਨੇ ਤਕਨੀਕ ਦੀ ਵਿਧੀ ਬਾਰੇ ਦੱਸਦੇ ਹੋਏ ਕਿਹਾ ਕਿ ਝੋਨੇ ਦੀ ਕੰਬਾਈਨ ਨਾਲ ਵਾਢੀ ਉਪਰੰਤ ਖੇਤ ਵਿੱਚ ਕਣਕ ਦੇ ਸੋਧੇ ਹੋਏ ਬੀਜ ਦਾ ਛੱਟਾ ਦੇਣ ਤੋਂ ਬਾਅਦ ਕਟਰ-ਕਮ-ਸਪਰੈਡਰ ਨੂੰ 4-5 ਇੰਚ ਉੱਚਾ ਚੱਕ ਕੇ ਫੇਰ ਦਿਤਾ ਜਾਂਦਾ ਹੈ| ਇਸ ਤੋਂ ਬਾਅਦ ਹਲਕਾ ਪਾਣੀ ਲਗਾ ਦਿੱਤਾ ਜਾਂਦਾ ਹੈ| ਇਸ ਤਕਨੀਕ ਵਿੱਚ 45 ਕਿੱਲੋ ਬੀਜ ਅਤੇ 65 ਕਿੱਲੋ ਡੀ ਏ ਪੀ ਪ੍ਰਤੀ ਏਕੜ ਮੁੱਢਲੀ ਖਾਦ ਵਜੋ ਪਾਈ ਜਾਂਦੀ ਹੈ|
ਡਾ ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ, ਨੇ ਇਸ ਤਕਨੀਕ ਦੇ ਮਸ਼ੀਨੀਕਰਨ ਲਈ ਪੀ ਏ ਯੂ ਮਸ਼ੀਨਾਂ ਬਾਰੇ ਚਾਨਣਾ ਪਾਇਆ| ਉਹਨਾ ਦੱਸਿਆ ਕਿ ਪੀ ਏ ਯੂ ਵੱਲੋਂ 2016 ਦੌਰਾਨ ਵਿਕਸਿਤ ਕੀਤੀ ਗਈ ਕਟਰ-ਕਮ-ਸਪਰੈਡਰ ਮਸ਼ੀਨ ਨਾਲ ਬੀਜ ਅਤੇ ਖਾਦ ਕਰਨ ਵਾਲੀ ਡਰਿੱਲ ਫਿਟ ਕੀਤੀ ਗਈ ਹੈ| ਇਹ ਮਸ਼ੀਨ ਇੱਕੋ ਵਾਰ ਵਿੱਚ ਕੰਬਾਈਨ ਨਾਲ ਕੱਟੇ ਝੋਨੇ ਦੇ ਵੱਢ ਵਿੱਚ ਬੀਜ ਅਤੇ ਖਾਦ ਨੂੰ ਇੱਕਸਾਰ ਖਿਲਾਰਨ ਦੇ ਨਾਲ-ਨਾਲ ਝੋਨੇ ਦੀ ਪਰਾਲੀ ਦਾ ਮੋਟਾ ਕੁਤਰਾ ਕਰਕੇ ਉਸਨੂੰ ਖੇਤ ਵਿੱਚ ਖਿਲਾਰ ਦਿੰਦੀ ਹੈ| ਇਹ ਮਸ਼ੀਨ 45 ਹਾਰਸ ਪਾਵਰ ਟਰੈਕਟਰ ਨਾਲ ਚਲਾਈ ਜਾ ਸਕਦੀ ਹੈ| ਇਸ ਤਕਨੀਕ ਨੂੰ ਭਵਿੱਖ ਵਿੱਚ ਵੱਡੇ ਪੈਮਾਨੇ ਤੇ ਪ੍ਰਵਾਨ ਹੋਣ ਦੀ ਸੰਭਾਵਨਾ ਨੂੰ ਵੇਖਦੇ ਹੋਏ ਇਸਦੇ ਮਸ਼ੀਨੀਕਰਨ ਇੱਕ ਹੋਰ ਢੰਗ ਇਜਾਦ ਕੀਤਾ ਗਿਆ ਹੈ| ਜਿਸ ਵਿੱਚ ਮੌਜੂਦਾ ਕੰਬਾਇਨਾਂ ਨਾਲ ਇੱਕ ਬਿਜਾਈ ਵਾਲੀ ਅਟੈਚਮੈਂਟ ਫਿੱਟ ਕੀਤੀ ਗਈ| ਇਸ ਸਿਸਟਮ ਨਾਲ ਅਸੀ ਝੋਨੇ ਦੀ ਵਾਢੀ ਦੇ ਨਾਲ-ਨਾਲ ਹੀ ਖੇਤਾਂ ਵਿੱਚ ਕਣਕ ਦੀ ਬਿਜਾਈ ਕਰ ਸਕਦੇ ਹਾਂ|
ਇਸ ਅਟੈਚਮੈੰਟ ਵਾਲੀ ਕੰਬਾਈਨ ਨਾਲ ਵਾਢੀ ਅਤੇ ਬਿਜਾਈ ਕਰਨ ਉਪਰੰਤ, ਖੜੇ ਮੁੱਢਾਂ/ਕਰਚਿਆਂ ਨੂੰ ਵੱਢ ਕੇ ਇੱਕਸਾਰ ਮੱਲਚ ਦੇ ਰੂਪ ਵਿੱਚ ਖਿਲਾਰਨ ਲਈ ਇੱਕ ਵਾਰ ਕਟਰ-ਕਮ-ਸਪਰੈਡਰ ਚਲਾ ਦੇਣਾ ਚਾਹੀਦਾ ਹੈ|
ਜੇਕਰ ਇਹਨਾਂ ਦੋਵਾਂ ਵਿੱਚੋ ਕੋਈ ਵੀ ਮਸ਼ੀਨ ਨਾ ਹੋਵੇ ਤਾਂ ਸ਼ਿਫਾਰਸ਼ ਸ਼ੁਦਾ ਸੋਧੇ ਹੋਏ ਬੀਜ ਅਤੇ ਮੁੱਢਲੀ ਖਾਦ ਦਾ ਛੱਟਾ ਦੇ ਕਟਰ-ਕਮ-ਸਪਰੈਡਰ ਮਾਰਕੇ ਹਮਕਾ ਪਾਣੀ ਲਾ ਦੇਣਾ ਚਾਹੀਦਾ ਹੈ|
ਪੀ ਏ ਯੂ ਦੇ ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਤਕਨੀਕ ਅੱਜ ਤੱਕ ਦੀਆਂ ਪਰਾਲੀ ਸੰਭਾਲ ਅਤੇ ਕਣਕ ਬਿਜਾਈ ਤਕਨੀਕਾਂ ਵਿੱਚੋਂ ਸਰਲ, ਸੁਖਾਲੀ ਅਤੇ ਸਟੀਕ ਤਕਨੀਕ ਹੈ| ਇਸ ਤਕਨੀਕ ਨਾਲ ਪਰਾਲੀ ਨੂੰ ਖੇਤ ਵਿੱਚ ਹੀ ਸਾਂਭਣ ਅਤੇ ਕਣਕ ਦੀ ਬਿਜਾਈ ਦਾ ਪਰਚਾ 700 ਤੋਂ 800 ਰੁਪਏ ਪ੍ਰਤੀ ਏਕੜ ਆਉਦਾ ਹੈ| ਇਸ ਤਕਨੀਕ ਨਾਲ ਕਣਕ ਵਿੱਚ ਇੱਕ ਸੰਚਾਈ ਵਾਲੇ ਪਾਣੀ ਦੀ ਬੱਚਤ ਹੁੰਦੀ ਹੈ, ਨਦੀਨਾਂ ਦਾ ਹੱਲ ਘੱਟ, ਖਰਚਾ ਘੱਟ ਅਤੇ ਕਣਕ ਦੀ ਬਿਜਾਈ ਵੀ ਵੇਲੇ ਸਿਰ ਹੋ ਜਾਂਦੀ ਹੈ| ਇਸ ਤਰੀਕੇ ਨਾਲ ਬੀਜੀ ਕਣਕ ਤੇ ਮੌਸਮੀ ਤਪਸ਼ ਦਾ ਅਸਰ ਵੀ ਘੱਟ ਹੁੰਦਾ ਹੈ|
ਯੂਨੀਵਰਸਿਟੀ ਵਿੱੱਚ ਫ਼ਸਲ ਵਿਗਿਆਨੀ ਵੱਜੋ ਕੰਮ ਕਰ ਰਹੇ ਡਾ ਜਸਵੀਰ ਸਿੰਘ ਗਿੱਲ ਨੇ ਦਸਿਆ ਕਿ ਇਸ ਤਰੀਕੇ ਨਾਲ ਬਿਜਾਈ 25 ਅਕਤੂਬਰ ਤੋਂ 15 ਨਵੰਬਰ ਤੱਕ ਹੀ ਕੀਤੀ ਜਾਵੇ| ਕਲਰਾਠੀਆਂ ਅਤੇ ਪਾਣੀ ਦੇ ਘੱਟ ਨਿਕਾਸ ਵਾਲੀਆ ਜ਼ਮੀਨਾਂ ਵਿੱਚ ਇਸ ਤਕਨੀਕ ਨੂੰ ਨਹੀਂ ਅਪਨਾਉਣਾ ਚਾਹੀਦਾ| ਇਸ ਤਕਨੀਕ ਨਾਲ ਕਣਕ ਬੀਜਣ ਦੇ ਚਾਹਵਾਨ ਕਿਸਾਨ ਅਤੇ ਝੋਨੇ ਨੂੰ ਅਖੀਰਲਾ ਪਾਣੀ ਵਾਢੀ ਤੋਂ ਪੰਦਰਾਂ ਦਿਨ ਪਹਿਲਾਂ ਬੰਦ ਕਰ ਦੇਣ ਤਾਂ ਕਿ ਕੰਬਾਇਨ ਦੀਆਂ ਪੈੜਾ ਨਾ ਪੈਣ| ਸਿਫਾਰਸ਼ ਸ਼ੁਦਾ ਕੀਟ ਅਤੇ ਉੱਲੀਨਾਸ਼ਕਾਂ ਨਾਲ ਸੋਧ ਕੇ ਹੀ ਬੀਜਣਾ ਚਾਹੀਦਾ ਹੈ ਅਤੇ ਸਰਫੇਸ ਸੀਡਰ ਜਾ ਕਟਰ-ਕਮ-ਸਪਰੈਡਰ ਚਲਾਉਣ ਦੌਰਾਨ ਟਰੈਕਟਰ ਦੀ ਰਫਤਾਰ ਘੱਟ ਰੱਖਣੀ ਚਾਹੀਦੀ ਹੈ|
ਇਹ ਤਕਨੀਕ ਪਰਾਲੀ ਦੇ ਸਧਾਈ ਹੱਲ ਦੇ ਨਾਲੋ-ਨਾਲ ਟਿਕਾਊ ਖੇਤੀ ਪ੍ਰਬੰਧ ਅਤੇ ਕੁਦਰਤੀ ਸਾਧਨਾਂ ਦੀ ਸਾਂਭ-ਸੰਭਾਲ ਲਈ ਇੱਕ ਕ੍ਰਾਤੀਕਾਰੀ ਤਕਨੀਕ ਹੈ, ਜਿਸਨੂੰ ਅਪਨਾਉਣ ਦੇ ਨਾਲ ਮਿੱਟੀ ਦੀ ਸਿਹਤ ਵਿੱਚ ਵੀ ਸੁਧਾਰ ਆਵੇਗਾ| ਇਸ ਤਕਨੀਕ ਪ੍ਰਫੁੱਲਤ ਕਰਨ ਸੂਬਾ ਸਰਕਾਰ ਵੀ ਪੱਬਾਂ ਭਾਰ ਹੈ ਅਤੇ ਪੀ ਏ ਯੂ ਸਰਫੇਸ ਸੀਡਰ ਤੇ ਨਿੱਜੀ ਕਿਸਾਨ ਲਈ 4000/- ਰੁਪਏ ਅਤੇ ਕਿਸਾਨ ਸਮੂਹਾਂ/ਸੋਸਾਇਟੀਆਂ ਲਈ 64000/- ਦੀ ਵਿੱਤੀ ਸਹਾਇਤਾ ਸਬਸਿਡੀ ਦੇ ਰੂਪ ਵਿਚ ਪ੍ਰਾਪਤ ਕਰਨ ਲਈ ਆਪਣਾ ਬਿਨੈਪੱਤਰ agrimachinerypb.com ਵੈਬਸਾਈਟ ਤੇ ਜਾ ਕੇ ਦਿੱਤਾ ਜਾ ਸਕਦਾ ਹੈ|