ਲੁਧਿਆਣਾ: ਪੰਜਾਬ ਵਿੱਚ ਜਾਰੀ ਤਿੰਨ ਦਿਨ ਮੀਂਹ ਦੀ ਚੇਤਾਵਨੀ ਕਾਰਨ ਕਿਸਾਨਾਂ ਦੀ ਜਾਨ 'ਤੇ ਬਣੀ ਹੋਈ ਹੈ। 22 ਤੋਂ ਲੈਕੇ 24 ਸਤੰਬਰ ਤਕ ਪੰਜਾਬ ਵਿੱਚ ਭਾਰੀ ਮੀਂਹ ਕਾਰਨ ਸਾਉਣੀ ਦੀਆਂ ਫ਼ਸਲਾਂ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਿਸਾਨਾਂ ਨੂੰ ਮੀਂਹ ਤੋਂ ਫ਼ਸਲ ਦੇ ਬਚਾਅ ਲਈ ਨਿਰਦੇਸ਼ ਦਿੱਤੇ ਹਨ।


ਖੇਤੀਬਾੜੀ 'ਵਰਸਿਟੀ ਦੇ ਮੌਸਮ ਵਿਭਾਗ ਦੀ ਮਾਹਰ ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਫ਼ਸਲਾਂ ਵੱਲ ਚੰਗੀ ਤਰ੍ਹਾਂ ਨਾਲ ਧਿਆਨ ਦੇਣ ਦੀ ਲੋੜ ਹੈ, ਜੇਕਰ ਝੋਨੇ ਦੇ ਦਾਣੇ ਬਣ ਚੁੱਕੇ ਹਨ ਤਾਂ ਪਾਣੀ ਦਾ ਖ਼ਾਸ ਖ਼ਿਆਲ ਰੱਖਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਖੇਤਾਂ ਵਿੱਚ ਪਾਣੀ ਇਕੱਠਾ ਹੋ ਗਿਆ ਤਾਂ ਫ਼ਸਲ ਝੁਕ ਜਾਵੇਗੀ।



ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਇਸ ਬਰਸਾਤ ਵਿੱਚ ਪਾਣੀ ਦੀ ਨਿਕਾਸੀ ਦਾ ਕਾਫੀ ਧਿਆਨ ਰੱਖਣਾ ਹੈ, ਇਸ ਕਿਸਾਨਾਂ ਨੂੰ ਚੌਕਸ ਰਹਿਣ ਦੀ ਲੋੜ ਹੈ। ਬੇਮੌਸਮਾ ਮੀਂਹ ਫ਼ਸਲਾਂ ਲਈ ਨੁਕਸਾਨਦਾਇਕ ਹੀ ਸਾਬਤ ਹੁੰਦਾ ਹੈ ਅਤੇ ਇਸ ਵਾਰ ਤਿੰਨ ਦਿਨ ਭਾਰੀ ਮੀਂਹ ਦੀ ਚੇਤਾਵਨੀ ਹੈ। ਜੇਕਰ ਮੀਂਹ ਦੇ ਨਾਲ ਤੇਜ਼ ਹਵਾਵਾਂ ਵਗਦੀਆਂ ਹਨ ਤਾਂ ਫ਼ਸਲਾਂ ਦਾ ਜ਼ਿਆਦਾ ਨੁਕਸਾਨ ਹੋ ਸਕਦਾ ਹੈ।