ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਤਵਾਰ ਨੂੰ ਗੋਰਖਪੁਰ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਫੰਡ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਦੇ ਤਹਿਤ ਕਿਸਾਨਾਂ ਦੇ ਖ਼ਾਤੇ ਵਿੱਚ ਦੋ ਹਜ਼ਾਰ ਰੁਪਏ ਕੈਸ਼ ਟਰਾਂਸਫਰ ਕੀਤੇ ਜਾਣਗੇ। ਇਸ ਮੌਕੇ ਪੀਐਮ ਮੋਦੀ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਤੀ ਰਾਹਤ ਰਾਸ਼ੀ ਮੈਂ ਵਾਪਸ ਨਹੀਂ ਲੈ ਸਕਦਾ, ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਮੂੰਹ-ਤੋੜ ਜਵਾਬ ਮਿਲੇਗਾ। ਇਸ ਦੌਰਾਨ ਮੋਦੀ ਨੇ ਗੋਰਖਪੁਰ ਵਿੱਚ 10 ਹਜ਼ਾਰ ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਲੋਕ ਅਰਪਣ ਕੀਤਾ।


ਇਸ ਮੌਕੇ ਮੋਦੀ ਨੇ ਕਿਹਾ ਕਿ ਕਿਸਾਨਾਂ ਨਾਲ ਸਬੰਧਤ ਇਹ ਸਭ ਤੋਂ ਵੱਡੀ ਯੋਜਨਾ ਕਰੋੜਾਂ ਦੇਸ਼ ਵਾਸੀਆਂ ਦੇ ਆਸ਼ੀਰਵਾਦ ਨਾਲ ਆਰੰਭ ਹੋ ਰਹੀ ਹੈ। ਉਨ੍ਹਾਂ ਗੋਰਖਪੁਰ ਦੇ ਲੋਕਾਂ ਨੂੰ ਦੋਹਰੀ ਵਧਾਈ ਦਿੱਤੀ ਕਿਉਂ ਕਿ ਉਹ ਯੋਜਨਾ ਦੀ ਸ਼ੁਰੂਆਤ ਦੇ ਗਵਾਹ ਬਣ ਰਹੇ ਹਨ। ਇਸ ਮੌਕੇ ਮੋਦੀ ਨੇ ਗੋਰਖਪੁਰ ਤੇ ਪੂਰਵਾਂਚਲ ਦੇ ਵਿਕਾਸ ਨਾਲ ਸਬੰਧਤ ਲਗਪਗ 10 ਹਜ਼ਾਰ ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਵੀ ਉਦਘਾਟਨ ਕੀਤਾ।

ਮੋਦੀ ਨੇ ਸੂਬਿਆਂ ਨੂੰ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਆਪਣੇ ਕਿਸਾਨਾਂ ਦੀ ਸੂਚੀ ਸਰਕਾਰ ਨੂੰ ਨਹੀਂ ਪਹੁੰਚਾਈ ਤਾਂ ਕਿਸਾਨਾਂ ਦੀਆਂ ਬਦਦੁਆਵਾਂ ਉਨ੍ਹਾਂ ਦੀ ਸਿਆਸਤ ਨੂੰ ਤਹਿਸ-ਨਹਿਸ ਕਰ ਦੇਣਗੀਆਂ। ਉਨ੍ਹਾਂ ਕਿਹਾ ਕਿ ਉਹ ਵਿਰੋਧੀ ਹੋ ਸਕਦੇ ਹਨ ਪਰ ਕਿਸਾਨਾਂ ਦੀਆਂ ਮੰਗਾਂ ਨਾਲ ਖਿਲਵਾੜ ਨਹੀਂ ਕਰ ਸਕਦੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਯੋਜਨਾ ਸਬੰਧੀ ਕਿਸੇ ਦੇ ਬਹਿਕਾਵੇ ਵਿੱਚ ਨਾ ਆਉਣ।