ਚੰਡੀਗੜ੍ਹ : ਝੋਨੇ ਦੀ ਪਰਾਲੀ ਫੂਕਣ ਨਾਲ ਦੂਸ਼ਿਤ ਹੁੰਦੇ ਵਾਤਾਵਰਣ ਨੂੰ ਰੋਕਣ ਲਈ ਚਮਕੌਰ ਸਾਹਿਬ ਦੇ ਨਜ਼ਦੀਕੀ ਪਿੰਡ ਲੁਠੇੜੀ ਦੇ ਅਗਾਂਹਵਧੂ ਨੌਜਵਾਨ ਕਿਸਾਨਾਂ ਨੰਬਰਦਾਰ ਮਨਪ੍ਰੀਤ ਸਿੰਘ ਮਾਨ ਅਤੇ ਪਰਮਜੀਤ ਸਿਘ ਮਾਨ ਵੱਲੋਂ ਆਪਣੇ 20 ਏਕੜ ਰਕਬੇ ਵਿੱਚ ਝੋਨੇ ਦੀ ਕੰਬਾਇਨ ਨਾਲ ਕਟਾਈ ਤੋਂ ਬਾਅਦ ਬਚੀ ਪਰਾਲੀ ਤੇ ਰਹਿੰਦ ਖੂੰਹਦ ਨੂੰ ਕਟਰ (ਚੋਪਰ) ਨਾਲ ਟੋਕਾ ਕਰਵਾ ਕੇ ਰੋਟਾਵੇਟਰ ਨਾਲ ਮਿੱਟੀ ਵਿੱਚ ਹੀ ਮਿਲਾ ਕੇ ਜ਼ਮੀਨ ਵਿੱਚ ਬਤੌਰ ਖਾਦ ਦੇ ਰੂਪ ਵਿੱਚ ਵਰਤਿਆ ਹੈ।
ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਭਾਵੇਂ ਵਾਤਾਵਰਣ ਦੀ ਦੂਸ਼ਿਤ ਹੋਣ ਤੋਂ ਬਚਾਉਣ ਲਈ ਇਹ ਉਪਰਾਲਾ ਕੀਤਾ ਹੈ, ਪ੍ਰੰਤੂ ਇਸ ਵਿੱਚ ਉਨ੍ਹਾਂ ਦਾ 60 ਤੋਂ 70 ਹਜ਼ਾਰ ਰੁਪਏ ਖਰਚਾ ਹੋ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਪਰਾਲੀ ਦੀ ਰਹਿੰਦ ਖੂੰਹਦ ਨੂੰ ਜਲਾਉਣ ਤੋਂ ਬਚਾਉਣ ਲਈ ਸਰਕਾਰ ਅਤੇ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਕਟਰ (ਚੋਪਰ) ਸਬਸਿਡੀ ‘ਤੇ ਦੇਵੇ ਜਾਂ ਪਿੰਡਾਂ ਦੀਆਂ ਸੁਸਾਇਟੀਆਂ ਤੇ ਪੰਚਾਇਤਾਂ ਨੂੰ ਇਹ ਕਟਰ ਦੇਣ ਤਾਂ ਜੋ ਛੋਟੇ ਕਿਸਾਨ ਵੀ ਇਸ ਦੀ ਵਰਤੋਂ ਕਰਕੇ ਵਾਤਾਵਰਣ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾ ਸਕਣ।
ਉਨ੍ਹਾਂ ਰੋਸ ਜਿਤਾਇਆ ਕਿ ਰੂਪਨਗਰ, ਮੁਹਾਲੀ ਅਤੇ ਪਠਾਨਕੋਟ ਆਦਿ ਜ਼ਿਲ੍ਹਿਆਂ ਵਿੱਚ ਵਾਹੀਯੋਗ ਰਕਬਾ ਘੱਟ ਹੋਣ ਦਾ ਬਹਾਨਾ ਲਗਾ ਕੇ ਕਿਸਾਨਾਂ ਨੂੰ ਖੇਤੀਬਾੜੀ ਦੇ ਔਜ਼ਾਰਾਂ ‘ਤੇ ਸਬਸਿਡੀਆਂ ਬੰਦ ਕੀਤੀਆਂ ਹੋਈਆਂ ਹਨ, ਜਿਸ ਕਾਰਨ ਕਿਸਾਨ ਇਹ ਔਜ਼ਾਰ ਬਾਹਰੋਂ ਮਹਿੰਗੇ ਭਾਅ ‘ਤੇ ਖਰੀਦ ਕਰਦੇ ਹਨ।