ਬਟਾਲਾ: ਕਣਕ-ਝੋਨੇ ਦੇ ਫ਼ਸਲੀ ਚੱਕਰ ‘ਚੋਂ ਨਿਕਲ ਕੇ ਸਬਜ਼ੀਆਂ ਦੀ ਸਫਲ ਕਾਸ਼ਤ ਕਰਕੇ ਕਿਲ੍ਹਾ ਟੇਕ ਸਿੰਘ ਦਾ ਕਿਸਾਨ ਬੂਟਾ ਸਿੰਘ ਦੂਸਰੇ ਕਿਸਾਨਾਂ ਲਈ ਉਦਾਹਰਨ ਬਣਿਆ ਹੈ। ਬਟਾਲਾ ਨੇੜੇ ਪਿੰਡ ਕਿਲ੍ਹਾ ਟੇਕ ਸਿੰਘ ਦਾ ਇਹ ਕਿਸਾਨ 17 ਏਕੜ ਜ਼ਮੀਨ ਦਾ ਮਾਲਕ ਹੈ ਅਤੇ ਇਸ ਵੱਲੋਂ ਕਣਕ-ਝੋਨੇ ਦੀ ਬਜਾਏ ਹੁਣ ਸਬਜ਼ੀਆਂ ਦੀ ਖੇਤੀ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਬੂਟਾ ਸਿੰਘ ਦੇ ਖੇਤਾਂ ‘ਚ ਹੋ ਰਹੀ ਸਬਜ਼ੀਆਂ ਦੀ ਚੋਖੀ ਪੈਦਾਵਾਰ ਨੇ ਉਸ ਦੀ ਆਮਦਨ ‘ਚ ਵੀ ਵਾਧਾ ਕੀਤਾ ਹੈ।


ਸਬਜ਼ੀ ਕਾਸ਼ਤਕਾਰ ਕਿਸਾਨ ਬੂਟਾ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਰੀਬ 10 ਸਾਲਾਂ ਤੋਂ ਸਬਜ਼ੀਆਂ ਦੀ ਕਾਸ਼ਤ ਕਰਦਾ ਆ ਰਿਹਾ ਹੈ ਅਤੇ ਪਿਛਲੇ ਕੁੱਝ ਸਾਲਾਂ ਤੋਂ ਉਸ ਨੇ ਸਬਜ਼ੀਆਂ ਹੇਠ ਆਪਣੇ ਰਕਬੇ ਨੂੰ ਹੋਰ ਵਧਾਇਆ ਹੈ। ਬੂਟਾ ਸਿੰਘ ਨੇ ਦੱਸਿਆ ਕਿ ਇਸ ਸਮੇਂ ਉਸ ਨੇ 6 ਏਕੜ ਟਮਾਟਰਾਂ ਦੀ ਫ਼ਸਲ ਬੀਜੀ ਹੋਈ ਹੈ, ਜਦਕਿ 2 ਏਕੜ ਬਤਾਊ, 1 ਏਕੜ ਕਨਾਲ ਖੀਰੇ ਦੀ ਕਾਸ਼ਤ ਕੀਤੀ ਹੋਈ ਹੈ। ਬੂਟਾ ਸਿੰਘ ਦਾ ਕਹਿਣਾ ਹੈ ਕਿ ਸਬਜ਼ੀਆਂ ਦੀ ਕਾਸ਼ਤ ਬੇਸ਼ੱਕ ਮਿਹਨਤ ਤੇ ਧਿਆਨ ਵੱਧ ਮੰਗਦੀਆਂ ਹਨ ਪਰ ਇਹ ਫ਼ਸਲਾਂ ਕਣਕ-ਝੋਨੇ ਦੇ ਮੁਕਾਬਲੇ ਵੱਧ ਮੁਨਾਫ਼ਾ ਦਿੰਦੀਆਂ ਹਨ।


ਬੂਟਾ ਸਿੰਘ ਨੇ ਦੱਸਿਆ ਕਿ ਸਬਜ਼ੀ ਦੇ ਮੰਡੀਕਰਨ ਦੀ ਕੋਈ ਸਮੱਸਿਆ ਨਹੀਂ ਹੈ ਅਤੇ ਉਹ ਆਪਣੀ ਸਬਜ਼ੀ ਨੂੰ ਬਟਾਲਾ ਤੇ ਪਠਾਨਕੋਟ ਦੀਆਂ ਮੰਡੀਆਂ ‘ਚ ਵੇਚਦਾ ਹੈ। ਕਿਸਾਨ ਬੂਟਾ ਸਿੰਘ ਦਾ ਨੇ ਦੱਸਿਆ ਕਿ ਸਬਜ਼ੀਆਂ ਦੀ ਕਾਸ਼ਤ ਸਬੰਧੀ ਨਵੀਆਂ ਤਕਨੀਕਾਂ ਜਾਣਨ ਲਈ ਉਹ ਬਾਗ਼ਬਾਨੀ ਵਿਭਾਗ ਨਾਲ ਰਾਬਤਾ ਰੱਖਦੇ ਹਨ ਅਤੇ ਵਿਭਾਗ ਦੀਆਂ ਸਿਫ਼ਾਰਸ਼ਾਂ ਸਦਕਾ ਉਸ ਦੀਆਂ ਸਬਜ਼ੀਆਂ ਦਾ ਝਾੜ ਬਹੁਤ ਵਧੀਆ ਨਿਕਲਦਾ ਹੈ।


ਕਿਸਾਨ ਬੂਟਾ ਸਿੰਘ ਨੇ ਦੱਸਿਆ ਕਿ ਸਬਜ਼ੀਆਂ ਦੀ ਕਾਸ਼ਤ ਸਦਕਾ ਪਾਣੀ ਦੀ ਬੱਚਤ ਵੀ ਕਾਫ਼ੀ ਹੁੰਦੀ ਹੈ ਅਤੇ ਝੋਨੇ ਵਾਂਗ ਪਾਣੀ ਲਗਾਉਣ ਦੀ ਬਜਾਏ ਸਬਜ਼ੀਆਂ ਨੂੰ ਸਿਰਫ਼ ਵੱਤਰ ਦਾ ਪਾਣੀ ਹੀ ਲਗਾਉਣਾ ਪੈਂਦਾ ਹੈ। ਬੂਟਾ ਸਿੰਘ ਨੇ ਦੂਸਰੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ-ਝੋਨੇ ਦੇ ਫ਼ਸਲੀ ਚੱਕਰ ‘ਚੋਂ ਨਿਕਲ ਕੇ ਸਬਜ਼ੀਆਂ, ਦਾਲਾਂ ਤੇ ਹੋਰ ਫ਼ਸਲਾਂ ਦੀ ਕਾਸ਼ਤ ਕਰਕੇ ਆਪਣੀ ਆਮਦਨ ‘ਚ ਵਾਧਾ ਕਰ ਸਕਦੇ ਹਨ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904