ਖੇਤ ਮਜ਼ਦੂਰ ਵੀ ਕੈਪਟਨ ਸਰਕਾਰ ਤੋਂ ਔਖੇ
ਏਬੀਪੀ ਸਾਂਝਾ | 19 Mar 2018 01:26 PM (IST)
ਚੰਡੀਗੜ੍ਹ: ਪੰਜਾਬ ਦੇ ਖੇਤ ਮਜ਼ਦੂਰ ਵੀ ਕੈਪਟਨ ਸਰਕਾਰ ਤੋਂ ਔਖੇ ਹਨ। ਇਸ ਲਈ ਉਨ੍ਹਾਂ ਨੇ 19 ਤੋਂ 21 ਮਾਰਚ ਤੱਕ ਜ਼ਿਲ੍ਹਾ ਹੈੱਡਕੁਆਰਟਰਾਂ ਅੱਗੇ ਦਿਨ-ਰਾਤ ਧਰਨੇ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਕਿਹਾ ਹੈ ਕਿ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ, ਬੇਘਰੇ ਤੇ ਲੋੜਵੰਦਾਂ ਨੂੰ ਪਲਾਟ ਦੇਣ, ਜ਼ਮੀਨੀ ਹੱਦਬੰਦੀ ਕਾਨੂੰਨ ਨੂੰ ਲਾਗੂ ਕਰਨ ਆਦਿ ਸਣੇ ਕਈ ਮੰਗਾਂ ਨੂੰ ਲੈ ਕੇ ਧਰਨੇ ਦਿੱਤੇ ਜਾ ਰਹੇ ਹਨ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਦੱਸਿਆ ਕਿ ਇਹ ਤਿੰਨ ਰੋਜ਼ਾ ਧਰਨੇ ਡਿਪਟੀ ਕਮਿਸ਼ਨਰ ਦਫ਼ਤਰ ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ ਤੇ ਮੋਗਾ ਤੋਂ ਇਲਾਵਾ ਐਸਡੀਐਮ ਦਫ਼ਤਰ ਲਹਿਰਾਗਾਗਾ ਵਿੱਚ ਦਿੱਤੇ ਜਾਣਗੇ। ਡਿਪਟੀ ਕਮਿਸ਼ਨਰ ਦਫ਼ਤਰ ਬਰਨਾਲਾ ਵਿੱਚ 20 ਤੇ 21 ਮਾਰਚ ਨੂੰ ਦੋ ਦਿਨ ਧਰਨਾ ਲਾਇਆ ਜਾਵੇਗਾ। ਉਨ੍ਹਾਂ ਕਾਂਗਰਸ ਸਰਕਾਰ ’ਤੇ ਖੇਤ ਮਜ਼ਦੂਰ ਤੇ ਲੋਕ ਵਿਰੋਧੀ ਫ਼ੈਸਲੇ ਲੈਣ ਦਾ ਦੋਸ਼ ਲਾਉਂਦਿਆ ਆਖਿਆ ਕਿ ਕਰਜ਼ੇ ਤੇ ਗ਼ਰੀਬੀ ਕਾਰਨ ਮਜ਼ਦੂਰ ਆਏ ਦਿਨ ਕਿਸਾਨਾਂ ਵਾਂਗ ਖ਼ੁਦਕੁਸ਼ੀਆਂ ਕਰ ਰਹੇ ਹਨ। ਕਾਂਗਰਸ ਸਰਕਾਰ ਨੇ ਖੇਤ ਮਜ਼ਦੂਰਾਂ ਨੂੰ ਨਿਗੂਣੀ ਕਰਜ਼ਾ ਮੁਆਫ਼ੀ ਯੋਜਨਾ ’ਚੋਂ ਵੀ ਬਾਹਰ ਰੱਖ ਕੇ ਉਨ੍ਹਾਂ ਨਾਲ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਮਜ਼ਦੂਰਾਂ ਤੋਂ ਘਰੇਲੂ ਬਿਜਲੀ ਬਿੱਲਾਂ ਦੀ ਮੁਆਫ਼ੀ ਵਾਲੀ ਸਹੂਲਤ ਵੀ ਖੋਹਣ ਦੇ ਰਾਹ ਤੁਰ ਪਈ ਹੈ ਤੇ 3000 ਤੋਂ ਵੱਧ ਸਾਲਾਨਾ ਯੂਨਿਟਾਂ ਬਾਲਣ ਵਾਲੇ ਮਜ਼ਦੂਰਾਂ ਨੂੰ ਮੁਆਫ਼ੀ ਦੇ ਘੇਰੇ ’ਚੋਂ ਬਾਹਰ ਕੱਢ ਦਿੱਤਾ ਹੈ। ਖੇਤ ਮਜ਼ਦੂਰ ਆਗੂਆਂ ਨੇ ਆਖਿਆ ਕਿ ਘਰ-ਘਰ ਨੌਕਰੀ ਦੇਣ ਤੇ ਕਰਜ਼ੇ ਮੁਆਫ਼ ਕਰਨ ਵਰਗੇ ਵਾਅਦੇ ਕਰਕੇ ਸੱਤਾ ’ਚ ਆਈ ਕੈਪਟਨ ਸਰਕਾਰ ਨੇ ਮਨਰੇਗਾ ਵਿੱਚ ਕੰਮ ਦੇ ਮੌਕੇ ਘਟਾ ਦਿੱਤੇ ਹਨ ਤੇ ਸਰਕਾਰੀ ਥਰਮਲ ਬੰਦ ਕਰਕੇ ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਖੋਹਿਆ ਹੈ।