ਗਊ ਰੱਖਿਅਕ ਮਾਫ਼ੀਆ ਨੂੰ ਸਬਕ ਸਿਖਾਉਣਗੇ ਕੈਪਟਨ ਦੇ ਮੰਤਰੀ
ਏਬੀਪੀ ਸਾਂਝਾ | 30 Apr 2018 04:39 PM (IST)
ਚੰਡੀਗੜ੍ਹ: ਗਊ ਰੱਖਿਆ ਦੇ ਨਾਂਅ 'ਤੇ ਗੁੰਡਾਗਰਦੀ ਕਰਨ ਵਾਲਿਆਂ ਜੇਲ੍ਹ ਜਾਵੇਗਾ। ਇਹ ਕਹਿਣਾ ਹੈ ਨਵੇਂ ਬਣੇ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਦਾ, ਜਿਨ੍ਹਾਂ ABP ਸਾਂਝਾ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਗਊਆਂ ਵੇਚਣ ਵਾਲੇ ਕਿਸਾਨਾਂ ਨੂੰ ਘੇਰਨ ਵਾਲੇ ਨਹੀਂ ਬਖਸ਼ੇ ਜਾਣਗੇ। ਜਦੋਂ ਸਿੱਧੂ ਨੂੰ ਪੁੱਛਿਆ ਗਿਆ ਹੈ ਕਿ ਸ਼ਿਵ ਸੈਨਾ ਦੇ ਗਰੁੱਪ ਅਜਿਹਾ ਬਹੁਤ ਕੁਝ ਕਰਦੇ ਹਨ ਤਾਂ ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਹੋਵੇ ਜਾਂ ਕੋਈ ਵੀ, ਸਭ ਖਿਲਾਫ ਬਣਦੀ ਕਨੂੰਨੀ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਮੈਂ ਇੱਕ ਵਾਰ ਅਜਿਹੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਕਿ ਉਹ ਅਜਿਹੇ ਕੰਮ ਨਾ ਕਰਨ ਜਿਸ ਕਰ ਕੇ ਉਨ੍ਹਾਂ ਨੂੰ ਖਾਮਿਆਜ਼ਾ ਭੁਗਤਣਾ ਪਵੇ। ਸਿੱਧੂ ਨੇ ਕਿਹਾ ਕਿ ਸਾਡੇ ਕਿਸਾਨ ਹੋਰ ਸੂਬਿਆਂ ਨੂੰ ਗਊਆਂ ਸਪਲਾਈ ਕਰ ਕੇ ਚੰਗੇ ਪੈਸੇ ਰਹੇ ਹਨ ਤੇ ਗੁੰਡਾਗਰਦੀ ਕਰ ਕੇ ਕਿਸੇ ਨੂੰ ਰੋਕਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਨੂੰ ਚੰਗੀ ਨਸਲ ਵਾਲੀਆਂ ਗਊਆਂ ਵੇਚਣ ਨਾਲ ਵੱਡਾ ਫਾਇਦਾ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਸਬਸਿਡੀ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ ਤੇ ਭ੍ਰਿਸ਼ਟਾਚਾਰ ਬਿਲਕੁਲ ਨਹੀਂ ਹੋਣ ਦਿੱਤਾ ਜਾਵੇਗਾ।