Agriculture News: ਕੇਂਦਰ ਸਰਕਾਰ ਵੱਲੋਂ ਕਣਕ ਦੇ ਐਲਾਨੇ ਘੱਟੋ-ਘੱਟ ਸਮਰਥਨ ਮੁੱਲ ਤੋਂ ਪੰਜਾਬ ਦੇ ਕਿਸਾਨ ਖੁਸ਼ ਨਹੀਂ। ਕਿਸਾਨ ਜਥੇਬੰਦੀਆਂ ਨੇ ਇਸ ਨੂੰ ਨਾਕਾਫੀ ਦੱਸਿਆ ਹੈ। ਕੇਂਦਰ ਸਰਕਾਰ ਨੇ ਕਣਕ ਦੇ ਭਾਅ ਵਿੱਚ 110 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਕੇ 2023-24 ਲਈ ਕਣਕ ਦਾ ਭਾਅ 2125 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਹੈ।

ਕੌਮਾਂਤਰੀ ਪੱਧਰ ’ਤੇ ਕਣਕ ਦੀ ਵੱਡੀ ਤੋਟ ਹੈ ਤੇ ਲਾਗਤ ਖ਼ਰਚੇ ਤੇਜ਼ ਰਫ਼ਤਾਰ ਨਾਲ ਵਧੇ ਹਨ। ਲੰਘੇ ਦਸ ਸਾਲਾਂ ਦੌਰਾਨ ਕਦੇ ਵੀ ਸਰਕਾਰ ਨੇ ਕਣਕ ਦੇ ਭਾਅ ਵਿੱਚ 110 ਰੁਪਏ ਤੋਂ ਵੱਧ ਦਾ ਵਾਧਾ ਨਹੀਂ ਕੀਤਾ ਹੈ। ਕੇਂਦਰ ਸਰਕਾਰ ਨੇ ਵਰ੍ਹਾ 2014-15 ਤੇ 2015-16 ਵਿਚ ਕੇਵਲ 50 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਸੀ ਤੇ 2016-17 ਵਿੱਚ 75 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਸੀ।

2017-18 ਵਿਚ ਸੌ ਰੁਪਏ ਤੇ 2018-19 ਵਿਚ 110 ਰੁਪਏ ਪ੍ਰਤੀ ਕੁਇੰਟਲ ਕਣਕ ਦੇ ਭਾਅ ਵਿਚ ਵਾਧਾ ਕੀਤਾ ਗਿਆ ਸੀ। ਇਸੇ ਤਰ੍ਹਾਂ 2020-21 ਤੋਂ 2022-23 ਦੌਰਾਨ ਕਣਕ ਦੇ ਭਾਅ ਵਿਚ ਵਾਧਾ 50 ਰੁਪਏ ਤੋਂ 85 ਰੁਪਏ ਤੱਕ ਰਿਹਾ। ਪਿਛਲੇ ਵਰ੍ਹੇ ਕਣਕ ਦਾ ਸਰਕਾਰੀ ਭਾਅ 2015 ਰੁਪਏ ਸੀ ਜੋ ਹੁਣ 2125 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਗਿਆ ਹੈ।

ਬੀਕੇਯੂ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕੇਂਦਰ ਵੱਲੋਂ ਐਲਾਨੇ ਭਾਅ ਨੂੰ ਰੱਦ ਕੀਤਾ ਹੈ ਤੇ ਇਸ ਨੂੰ ਲਾਗਤ ਖ਼ਰਚਿਆਂ ਦੇ ਮੁਕਾਬਲੇ ਨਿਗੂਣਾ ਦੱਸਿਆ ਹੈ। ਉਨ੍ਹਾਂ ਮੰਗ ਕੀਤੀ ਕਿ ਡਾ. ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕੀਤਾ ਜਾਵੇ। ਖੇਤੀ ਵਿਭਾਗ ਪੰਜਾਬ ਨੇ ਕੇਂਦਰ ਨੂੰ ਪੱਤਰ ਲਿਖ ਕੇ ਲਾਗਤ ਖ਼ਰਚਿਆਂ ਦੇ ਹਿਸਾਬ ਨਾਲ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 3040 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕੀਤੀ ਸੀ ਪਰ ਕੇਂਦਰ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।