ਚੰਡੀਗੜ੍ਹ: ਪੰਜਾਬ ਦੇ ਕਿਸਾਨ ਨੌਂ ਹਾਨੀਕਾਰਕ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਕਰ ਸਕਣਗੇ। ਕੈਪਟਨ ਸਰਕਾਰ ਨੇ ਇਨ੍ਹਾਂ ਨੌਂ ਹਾਨੀਕਾਰਕ ਕੀਟਨਾਸ਼ਕਾਂ ਦੀ ਵਿਕਰੀ ’ਤੇ 60 ਦਿਨ ਲਈ ਪਾਬੰਦੀ ਲਾ ਦਿੱਤੀ ਹੈ। ਕੈਪਟਨ ਦੀ ਮਨਜ਼ੂਰੀ ਮਗਰੋਂ ਸੂਬੇ ਦੇ ਵਧੀਕ ਮੁੱਖ ਸਕੱਤਰ (ਵਿਕਾਸ) ਅਨੁਰਿਧ ਤਿਵਾੜੀ ਨੇ ਇਨ੍ਹਾਂ ਜ਼ਹਿਰਾਂ ਉੱਤੇ ਪਾਬੰਦੀ ਲਈ 14 ਅਗਸਤ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਪੰਜਾਬ ਦੇ ਖੇਤੀ ਸਕੱਤਰ ਡਾ. ਕਾਹਨ ਸਿੰਘ ਪੰਨੂ ਨੇ ਦੱਸਿਆ ਸਰਕਾਰੀ ਲੈਬਾਰਟਰੀਆਂ ਤੋਂ ਨਮੂਨੇ ਚੈੱਕ ਕਰਵਾਉਣ ਮਗਰੋਂ ਝੋਨਾ ਤੇ ਬਾਸਮਤੀ ਦੀ ਫ਼ਸਲ ਦੀ ਗੁਣਵੱਤਾ ਬਚਾਉਣ ਤੇ ਬਾਸਮਤੀ ਦੀ ਬਰਾਮਦ ਨੂੰ ਹੁਲਾਰਾ ਦੇਣ ਲਈ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਨੁਕਸਾਨਦੇਹ ਹੋਣ ਦੇ ਬਾਵਜੂਦ ਇਨ੍ਹਾਂ ਜ਼ਹਿਰਾਂ ਦੀ ਵਿਕਰੀ ਤੇ ਵਰਤੋਂ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਜਿਹੜੇ ਨੌਂ ਖੇਤੀ ਰਸਾਇਣਾਂ ’ਤੇ ਪਾਬੰਦੀ ਲਾਈ ਗਈ ਹੈ ਉਨ੍ਹਾਂ ਵਿੱਚ ਥਾਇਆਮੈਥੌਕਸਮ, ਕਾਰਬੈਂਡਾਜ਼ਿਮ, ਟਰਾਈਸਾਈਕਲਾਜ਼ੋਲ, ਬੁਪਰੋਫੀਜ਼ਨ, ਕਾਰਬੋਫਿਊਰਾਨ, ਪ੍ਰੋਪੀਕੋਨਾਜ਼ਲੋ ਐਸੀਫੇਟ, ਟਰਾਈਜ਼ੋਫੋਸ ਤੇ ਥਾਇਓਫਿਨੇਟ ਮਿਥਾਈਲ ਸ਼ਾਮਲ ਹਨ।

ਖੇਤੀ ਸਕੱਤਰ ਨੇ ਦੱਸਿਆ ਕਿ ਇਨ੍ਹਾਂ 9 ਜ਼ਹਿਰਾਂ ਦੀ ਵਿਕਰੀ ਤੇ ਵਰਤੋਂ ਸਬੰਧੀ ਕਿਸੇ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੰਨੂ ਨੇ ਕਿਹਾ ਕਿ ਇਨ੍ਹਾਂ ਜ਼ਹਿਰਾਂ ਦੀ ਵਰਤੋਂ ਨਾਲ ਚੌਲਾਂ ਵਿੱਚ ਕੀਟਨਾਸ਼ਕਾਂ ਦੇ ਅੰਸ਼ ਸਰਕਾਰ ਵੱਲੋਂ ਤੈਅ ਕੀਤੇ ਵੱਧ ਤੋਂ ਵੱਧ ਅੰਸ਼ ਦੇ ਪੱਧਰ ਤੋਂ ਜ਼ਿਆਦਾ ਰਹਿਣ ਦਾ ਖ਼ਤਰਾ ਰਹਿੰਦਾ ਹੈ।