Weather in Punjab and Haryana: ਦੇਸ਼ ਦੇ ਕਈ ਇਲਾਕਿਆਂ 'ਚ ਠੰਢ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਅਜਿਹੇ 'ਚ ਨਵਾਂ ਸਾਲ ਸ਼ੁਰੂ ਹੁੰਦੇ ਹੀ ਕਈ ਸੂਬਿਆਂ 'ਚ ਠੰਢ ਦਾ ਮਿਜਾਜ਼ ਬਦਲਿਆ ਹੋਇਆ ਹੈ। ਪੂਰੇ ਉੱਤਰੀ ਭਾਰਤ ਵਿੱਚ ਸੀਤ ਲਹਿਰ ਨੇ ਆਪਣੀ ਪਕੜ ਬਣਾਈ ਰੱਖੀ ਹੈ। ਪਹਾੜਾਂ 'ਤੇ ਹੋ ਰਹੀ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ 'ਚ ਠੰਢ ਦਾ ਦੌਰ ਜਾਰੀ ਹੈ। ਹਰਿਆਣਾ ਅਤੇ ਪੰਜਾਬ ਸੀਤ ਲਹਿਰ ਦੀ ਲਪੇਟ ਵਿਚ ਹਨ। ਦੋਵਾਂ ਸੂਬਿਆਂ 'ਚ ਤਾਪਮਾਨ ਲਗਾਤਾਰ ਹੇਠਾਂ ਜਾ ਰਿਹਾ ਹੈ, ਜਿਸ ਕਾਰਨ ਸਰਦੀ ਹੱਡ ਚੀਰ ਰਹੀ ਹੈ। ਇਸ ਦੇ ਨਾਲ ਹੀ ਸੰਘਣੀ ਧੁੰਦ ਵੀ ਪੈ ਰਹੀ ਹੈ।
ਵਿਭਾਗ ਮੁਤਾਬਕ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਰਗੇ ਪੱਛਮੀ ਹਿਮਾਲੀਅਨ ਖੇਤਰਾਂ 'ਚ ਬਰਫਬਾਰੀ ਹੋ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਵਿੱਚ 5 ਤੋਂ 7 ਜਨਵਰੀ ਦਰਮਿਆਨ ਮੀਂਹ ਪੈ ਸਕਦਾ ਹੈ।
ਮੌਸਮ ਵਿਭਾਗ ਮੁਤਾਬਕ ਮੱਧ ਪ੍ਰਦੇਸ਼, ਦੱਖਣੀ ਰਾਜਸਥਾਨ ਅਤੇ ਗੁਜਰਾਤ ਵਿੱਚ 6 ਅਤੇ 7 ਜਨਵਰੀ ਨੂੰ ਮੀਂਹ ਪਵੇਗਾ। ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਸਮੇਤ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਂ ਗਰਜ ਨਾਲ ਮੀਂਹ ਪੈ ਸਕਦਾ ਹੈ।
ਦੋਵੇਂ ਸੂਬਿਆਂ ਦੇ ਇਹ ਜ਼ਿਲ੍ਹੇ ਸਭ ਤੋਂ ਠੰਢੇ
ਹਰਿਆਣਾ ਦੇ ਹਿਸਾਰ-ਰਿਵਾੜੀ ਅਤੇ ਪੰਜਾਬ ਦੇ ਬਠਿੰਡਾ ਸਭ ਤੋਂ ਠੰਢੇ ਜ਼ਿਲ੍ਹੇ ਰਹੇ ਹਨ। ਹਿਸਾਰ-ਰੇਵਾੜੀ ਦਾ ਘੱਟੋ-ਘੱਟ ਤਾਪਮਾਨ 2 ਡਿਗਰੀ ਸੈਲਸੀਅਸ ਅਤੇ ਬਠਿੰਡਾ ਦਾ ਘੱਟੋ-ਘੱਟ ਤਾਪਮਾਨ 1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਿਸਾਰ ਵਿੱਚ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਘੱਟ ਸੀ। ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 5.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਹਰਿਆਣਾ ਦੇ ਅੰਬਾਲਾ, ਕਰਨਾਲ, ਨਾਰਨੌਲ, ਰੋਹਤਕ, ਗੁਰੂਗ੍ਰਾਮ, ਭਿਵਾਨੀ ਅਤੇ ਸਿਰਸਾ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 4.9, 3.8, 3, 4.4, 4.6, 5.1 ਅਤੇ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਵਿੱਚ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 4.2 ਅਤੇ 7.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਦੋ ਡਿਗਰੀ ਵੱਧ ਹੈ। ਪੰਜਾਬ ਦੇ ਬਠਿੰਡਾ, ਪਟਿਆਲਾ ਅਤੇ ਹਰਿਆਣਾ ਦੇ ਅੰਬਾਲਾ 'ਚ ਸੰਘਣੀ ਧੁੰਦ ਦਾ ਘੇਰਾ ਵੇਖਣ ਨੂੰ ਮਿਲ ਰਿਹਾ ਹੈ।
ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾ: ਮਨਮੋਹਨ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਠੰਢ ਅਤੇ ਧੁੰਦ ਵਧੇਗੀ। ਲੋਕਾਂ ਨੂੰ ਹੋਰ ਸਰਦੀਆਂ ਲਈ ਤਿਆਰ ਰਹਿਣਾ ਚਾਹੀਦਾ ਹੈ। ਲਗਾਤਾਰ ਪੈ ਰਹੀ ਠੰਢ ਦੇ ਵਿਚਕਾਰ ਦਿਨ ਭਰ ਦੀ ਧੁੱਪ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਜੇਕਰ ਦਿਨ ਵੇਲੇ ਸੂਰਜ ਨਿਕਲਦਾ ਹੈ ਤਾਂ ਇਹ ਫ਼ਸਲਾਂ ਲਈ ਲਾਹੇਵੰਦ ਸਾਬਤ ਹੋਵੇਗਾ। ਖੇਤੀ ਵਿਗਿਆਨੀ ਵੀ ਕਿਸਾਨਾਂ ਨੂੰ ਮੌਸਮ ਸਾਫ਼ ਹੋਣ 'ਤੇ ਹੀ ਸਿੰਚਾਈ ਕਰਨ ਦੀ ਸਲਾਹ ਦੇ ਰਹੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin