ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਐਤਵਾਰ ਨੂੰ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ (ਡੀਐਫਐਸਸੀ) ਅੰਮ੍ਰਿਤਸਰ ਏਪੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਏਪੀ ਸਿੰਘ 'ਤੇ ਹੋਰਾਂ ਅਧਿਕਾਰੀਆਂ ਤੇ ਵੀਰੂਮੱਲ ਮਿਲਖ ਰਾਜ ਚੌਲ ਮਿੱਲ ਦੇ ਮਾਲਕ ਨਾਲ ਮਿਲ ਕੇ ਸਰਕਾਰੀ ਖਜ਼ਾਨੇ ਵਿੱਚ 40 ਕਰੋੜ ਰੁਪਏ ਦਾ ਘਪਲਾ ਕਰਨ ਦੇ ਇਲਜ਼ਾਮ ਹਨ। ਉਹ ਪਿਛਲੇ ਸਮੇਂ ਤੋਂ ਫਰਾਰ ਚੱਲ ਰਹੇ ਸਨ।

ਇਸ ਬਾਰੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਈਓਡਬਲਿਊ, ਵਿਜੀਲੈਂਸ ਬਿਊਰੋ, ਸਿੱਟ (ਵਿਸ਼ੇਸ਼ ਜਾਂਚ ਟੀਮ) ਨੇ ਦੋਸ਼ੀ ਡੀਐਫਐਸਸੀ ਨੂੰ ਪਟਿਆਲਾ ਤੋਂ ਗ੍ਰਿਫ਼ਤਾਰ ਕੀਤਾ ਜੋ ਕਿ ਗ੍ਰਿਫ਼ਤਾਰੀ ਦੇ ਡਰੋਂ ਫਰਾਰ ਸੀ। ਉਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 120-ਬੀ, 406, 409, 420, 467,468, 471 ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 13(1)(ਡੀ), 13(2) ਤਹਿਤ ਐਫਆਈਆਰ ਨੰ. 44 ਪੁਲਿਸ ਥਾਣਾ ਜੰਡਿਆਲਾ ਗੁਰੂ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਹਿਲਾਂ ਹੀ ਦਰਜ ਹੈ। ਵਿਜੀਲੈਂਸ ਬਿਊਰੋ ਵੱਲੋਂ ਜ਼ਿਲ੍ਹਾ ਪੁਲਿਸ ਤੋਂ ਇਸ ਕੇਸ ਦੀ ਜਾਂਚ ਆਪਣੇ ਹੱਥ ਵਿੱਚ ਲਈ ਗਈ ਸੀ।

ਝੋਨੇ ਦੇ ਘੁਟਾਲੇ ਦੇ ਇਸ ਮਾਮਲੇ ਵਿੱਚ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਅਧਿਕਾਰੀ ਰਮਿੰਦਰ ਸਿੰਘ ਬਾਠ, ਸਹਾਇਕ ਖੁਰਾਕ ਤੇ ਸਿਵਲ ਸਪਲਾਈ ਅਧਿਕਾਰੀ ਵਿਪਨ ਸ਼ਰਮਾ ਅਤੇ ਫੂਡ ਇੰਸਪੈਕਟਰ ਗੁਰਜਿੰਦਰ ਸਿੰਘ ਵੀ ਸ਼ਾਮਲ ਹਨ। ਉਨ੍ਹਾਂ ਨੂੰ ਬਿਊਰੋ ਵੱਲੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੁਝ ਵਿਅਕਤੀ ਅਜੇ ਵੀ ਫਰਾਰ ਹਨ।

ਪੂਰਾ ਮਾਮਲਾ

ਦੋਸ਼ੀ ਡੀਐਫਐਸਸੀ ਨੇ ਵਿਭਾਗੀ ਅਧਿਕਾਰੀਆਂ ਤੇ ਵੀਰੂ ਮੱਲ ਮੁਲਖ ਰਾਜ ਚੌਲ ਮਿੱਲ ਦੇ ਮਾਲਕ ਨਾਲ ਮਿਲ ਕੇ ਸਾਜਿਸ਼ ਘੜੀ ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਸੂਬਾ ਸਰਕਾਰ ਨੂੰ ਵੱਡਾ ਨੁਕਸਾਨ ਪਹੁੰਚਾਇਆ। ਦੋਸ਼ੀ ਅਧਿਕਾਰੀਆਂ ਦੀ ਮਦਦ ਨਾਲ ਵੀਰੂ ਮੱਲ ਮੁਲਖ ਰਾਜ ਚੌਲ ਮਿੱਲ ਦੇ ਮਾਲਕ ਨੇ ਸਰਕਾਰੀ ਝੋਨੇ 'ਤੇ ਪੰਜਾਬ ਨੈਸ਼ਨਲ ਬੈਂਕ ਪਾਸੋਂ ਤਕਰੀਬਨ 200 ਕਰੋੜ ਦਾ ਕਰਜ਼ਾ ਲਿਆ ਤੇ ਪੀਐਨਬੀ ਤੇ ਖੁਰਾਕ ਸਿਵਲ ਸਪਲਾਈ ਵਿਭਾਗ ਨਾਲ ਕ੍ਰਮਵਾਰ ਤਕਰੀਬਨ 200 ਕਰੋੜ ਅਤੇ 40 ਕਰੋੜ ਰੁਪਏ ਦੀ ਠੱਗੀ ਮਾਰੀ।