Punjab Weather Updates: ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਲੂ ਦਾ ਕਹਿਰ ਜਾਰੀ ਹੈ।ਬੁੱਧਵਾਰ ਨੂੰ ਲੂ ਨੇ ਕਈ ਜ਼ਿਲ੍ਹਿਆਂ 'ਚ ਕਹਿਰ ਵਰਤਾਇਆ।ਇਸ ਦਾ ਸਭ ਤੋਂ ਵੱਧ ਅਸਰ ਪਟਿਆਲਾ 'ਚ ਦੇਖਣ ਨੂੰ ਮਿਲਿਆ ਜਿੱਥੇ ਪਾਰਾ 46.7 ਡਿਗਰੀ ਸੈਲਸੀਅਸ ਤਕ ਪੁੱਜ ਗਿਆ।ਵਧਦੀ ਗਰਮੀ ਕਾਰਨ ਬਿਜਲੀ ਦੀ ਮੰਗ ਵੀ ਵੱਧ ਗਈ ਹੈ।ਪੰਜਾਬ 'ਚ ਬਿਜਲੀ ਦੀ ਮੰਗ 10 ਹਜ਼ਾਰ ਮੈਗਾਵਾਟ ਪਾਰ ਕਰ ਚੁੱਕੀ ਹੈ।10 ਜੂਨ ਤੋਂ ਮੌਸਮ ਬਦਲਣ ਦੀ ਸੰਭਾਵਨਾ ਹੈ, ਪਰ ਫਿਲਹਾਲ ਲੂ ਕਾਰਨ ਯੈਲੋ ਅਲਰਟ ਜਾਰੀ ਹੈ। 


ਪਟਿਆਲਾ ਪੰਜਾਬ 'ਚ ਸਭ ਤੋਂ ਗਰਮ ਰਿਹਾ ਜਦਕਿ ਲੁਧਿਆਣਾ ਤੇ ਬਠਿੰਡਾ 'ਚ ਤਾਪਮਾਨ 46.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਅੰਮ੍ਰਿਤਸਰ 'ਚ ਪਾਰਾ 42 ਡਿਗਰੀ ਸੈਲਸੀਅਸ ਰਿਹਾ।ਉਧਰ ਬਾਕੀ ਜ਼ਿਲ੍ਹਿਆਂ 'ਚ ਪਾਰਾ 44 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ।


ਮੌਸਮ ਵਿਭਾਗ ਨੇ ਪੰਜਾਬ ਵਿੱਚ ਹੀਟ ਵੇਵ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਵੱਧ ਤੋਂ ਵੱਧ ਤਾਪਮਾਨ ਵਿੱਚ 2 ਤੋਂ 3 ਡਿਗਰੀ ਵਾਧੇ ਨਾਲ ਪਾਰਾ 47 ਡਿਗਰੀ ਦੇ ਪਾਰ ਜਾਣ ਦੀ ਸੰਭਾਵਨਾ ਜਤਾਈ ਹੈ। ਵਿਭਾਗ ਵੱਲੋਂ ਦੁਪਹਿਰ ਵੇਲੇ ਘਰੋਂ ਬਾਹਰ ਨਾ ਨਿਕਲਣ ਦੀ ਵੀ ਸਲਾਹ ਦਿੱਤੀ ਹੈ। 10 ਜੂਨ ਤੋਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।


ਮੌਸਮ ਵਿਭਾਗ ਅਨੁਸਾਰ ਸੂਬੇ ਦੇ ਮਾਂਝਾ ਖੇਤਰ ਅਧੀਨ ਪੈਂਦੇ ਜ਼ਿਲ੍ਹਿਆਂ ਪਠਾਨਕੋਟ, ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਤਿੰਨ ਦਿਨ ਤੱਕ ਗਰਮੀ ਦਾ ਕਹਿਰ ਜਾਰੀ ਰਹੇਗਾ। ਉਧਰ, ਵਿਭਾਗ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੀਟ ਵੇਵ ਨੂੰ ਲੈ ਕੇ ਰਾਹਤ ਦੀ ਗੱਲ ਕਹੀ ਗਈ ਹੈ। ਇਸ ਦੇ ਨਾਲ ਹੀ ਦੋਆਬੇ ਦੇ ਹੁਸ਼ਿਆਰਪੁਰ 'ਚ ਵੀ ਗਰਮੀ ਤੋਂ ਰਾਹਤ ਮਿਲੇਗੀ। ਜਦਕਿ ਨਵਾਂਸ਼ਹਿਰ, ਕਪੂਰਥਲਾ ਤੇ ਜਲੰਧਰ 'ਚ 9 ਜੂਨ ਤੱਕ ਹੀਟ ਵੇਵ ਦੀ ਚਿਤਾਵਨੀ ਦਿੱਤੀ ਗਈ ਹੈ।


ਦੱਖਣੀ ਮਾਲਵੇ ਦੇ ਅਧੀਨ ਆਉਂਦੇ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ ਵਿੱਚ ਕੋਈ ਰਾਹਤ ਨਹੀਂ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਤਿੰਨ ਦਿਨਾਂ ਤੋਂ ਚੱਲਣ ਵਾਲੀਆਂ ਗਰਮ ਹਵਾਵਾਂ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਕਰਨਗੀਆਂ। ਇਸ ਦੇ ਨਾਲ ਹੀ ਪੂਰਬੀ ਮਾਲਵੇ ਦੇ ਰੋਪੜ ਵਿੱਚ ਵੀ ਗਰਮੀ ਤੋਂ ਰਾਹਤ ਮਿਲੇਗੀ। ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ ਅਤੇ ਐਸਏਐਸ ਨਗਰ ਦੇ ਹੋਰ ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਨੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗਰਮ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਹੈ।