ਚੰਡੀਗੜ੍ਹ: ਪਹਾੜਾਂ ਵਿੱਚ ਬਰਫਬਾਰੀ ਕਾਰਨ ਪੰਜਾਬ ਦਾ ਪਾਰਾ ਇੱਕਦਮ ਡਿੱਗ ਗਿਆ ਹੈ। ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਦਿਨ ਦਾ ਤਾਪਮਾਨ 20 ਡਿਗਰੀ ਦਰਜ ਕੀਤਾ ਗਿਆ ਜੋ ਪਿਛਲੇ 24 ਸਾਲਾਂ ਵਿੱਚ ਸਭ ਤੋਂ ਘੱਟ ਤਾਪਮਾਨ ਸੀ। ਇਸ ਤੋਂ ਪਹਿਲਾਂ 1997 ਵਿੱਚ ਵੀ ਇਸ ਦਿਨ 20 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ।


ਮੌਸਮ ਵਿਭਾਗ ਮੁਤਾਬਕ ਆਮ ਤੌਰ 'ਤੇ ਇਨ੍ਹੀਂ ਦਿਨੀਂ ਆਮ ਤਾਪਮਾਨ 23.6 ਡਿਗਰੀ ਹੁੰਦਾ ਹੈ ਪਰ ਦੋ ਦਿਨਾਂ ਤੋਂ ਧੁੱਪ ਨਾ ਨਿਕਲਣ ਕਾਰਨ ਦਿਨ ਵੇਲੇ ਠੰਢ ਲਗਾਤਾਰ ਵਧ ਰਹੀ ਹੈ। ਇਸ ਦੇ ਨਾਲ ਹੀ ਦਿਨ ਤੇ ਰਾਤ ਦੇ ਤਾਪਮਾਨ 'ਚ ਸਿਰਫ 7.6 ਡਿਗਰੀ ਦਾ ਫਰਕ ਹੈ।


ਪੀਏਯੂ ਦੇ ਵਿਗਿਆਨੀਆਂ ਮੁਤਾਬਕ ਵੀਰਵਾਰ ਨੂੰ ਰਾਤ ਦਾ ਤਾਪਮਾਨ 12.4 ਡਿਗਰੀ ਰਿਹਾ। ਜਿੱਥੇ ਦਿਨ ਭਰ ਬੱਦਲ ਛਾਏ ਰਹੇ। ਇਸ ਦੇ ਨਾਲ ਹੀ ਕੁਝ ਇਲਾਕਿਆਂ 'ਚ ਹਲਕੀ ਬਾਰਸ਼ ਹੋਈ। ਪੀਏਯੂ ਦੇ ਮੌਸਮ ਵਿਭਾਗ ਅਨੁਸਾਰ ਅੱਜ ਵੀ ਬੱਦਲ ਛਾਏ ਰਹਿਣਗੇ ਜਿਸ ਕਾਰਨ ਤਾਪਮਾਨ 'ਚ ਗਿਰਾਵਟ ਆ ਸਕਦੀ ਹੈ। ਆਈਐਮਡੀ ਮੁਤਾਬਕ ਦਿਨ ਦਾ ਤਾਪਮਾਨ 20.3 ਡਿਗਰੀ ਤੇ ਰਾਤ ਦਾ ਤਾਪਮਾਨ 12.7 ਡਿਗਰੀ ਦਰਜ ਕੀਤਾ ਗਿਆ।


ਭਾਰਤੀ ਮੌਸਮ ਵਿਭਾਗ ਮੁਤਾਬਕ ਅਗਲੇ ਦਿਨਾਂ ਵਿੱਚ ਪੂਰੇ ਉੱਤਰੀ ਭਾਰਤ ਵਿੱਚ ਠੰਢ ਹੋਰ ਵਧ ਸਕਦੀ ਹੈ। ਪਹਾੜਾਂ ਵਿੱਚ ਬਰਫਬਾਰੀ ਹੋ ਰਹੀ ਹੈ ਜਿਸ ਨਾਲ ਮੈਦਾਨੀ ਇਲਾਕਿਆਂ ਦਾ ਪਾਰਾ ਹੋਰ ਡਿੱਗੇਗਾ। ਇਸ ਤੋਂ ਇਲਾਵਾ ਹਲਕੀ ਬਾਰਸ਼ ਵੀ ਪੈ ਸਕਦੀ ਹੈ।


ਮੌਸਮ ਵਿਭਾਗ ਮੁਤਾਬਕ 3 ਤੇ 4 ਦਸੰਬਰ ਨੂੰ ਉੱਤਰੀ ਤੱਟੀ ਆਂਧਰਾ ਪ੍ਰਦੇਸ਼, 3 ਦਸੰਬਰ ਤੋਂ 5 ਦਸੰਬਰ ਦੇ ਦੌਰਾਨ ਤੱਟਵਰਤੀ ਉੜੀਸਾ ਤੇ 4 ਤੋਂ 5 ਦਸੰਬਰ ਦੇ ਦੌਰਾਨ ਗੰਗਾ ਪੱਛਮੀ ਬੰਗਾਲ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 4 ਦਸੰਬਰ ਨੂੰ ਤੱਟਵਰਤੀ ਉੜੀਸਾ 'ਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।



ਇਹ ਵੀ ਪੜ੍ਹੋ: ਓਮੀਕਰੋਨ ਕੋਵਿਡ ਵੇਰੀਐਂਟ: ਤੁਸੀਂ ਇਸ ਵੇਰੀਐਂਟ ਬਾਰੇ ਕੀ ਜਾਣਦੇ ਹੋ ਤੇ ਕੀ ਨਹੀਂ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904