Punjab Weather Update Today : ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਵੀਰਵਾਰ ਸਵੇਰ ਤੋਂ ਹੀ ਅਸਮਾਨ 'ਚ ਬੱਦਲ ਛਾਏ ਹੋਏ ਹਨ ਅਤੇ ਮੌਸਮ ਵੀ ਸੁਹਾਵਣਾ ਹੋ ਗਿਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕਈ ਥਾਵਾਂ 'ਤੇ ਹਲਕੀ ਜਾਂ ਭਾਰੀ ਬਾਰਿਸ਼ ਹੋਈ, ਜਿਸ ਨਾਲ ਗਰਮੀ ਤੋਂ ਕੁਝ ਰਾਹਤ ਮਿਲੀ। ਹਾਲਾਂਕਿ ਬਾਰਿਸ਼ ਸਿਰਫ਼ ਪੰਜ ਤੋਂ ਛੇ ਜ਼ਿਲ੍ਹਿਆਂ ਵਿੱਚ ਹੀ ਹੋਈ ਹੈ। ਬਾਕੀ ਜ਼ਿਲ੍ਹਿਆਂ ਵਿੱਚ ਮੌਸਮ ਆਮ ਵਰਗਾ ਹੀ ਰਿਹਾ ਹੈ।


 


ਮੌਸਮ ਵਿਭਾਗ ਚੰਡੀਗੜ੍ਹ ਦੇ ਅਨੁਸਾਰ ਬੁੱਧਵਾਰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਅੰਮ੍ਰਿਤਸਰ ਵਿੱਚ 16 ਮਿਲੀਮੀਟਰ, ਚੰਡੀਗੜ੍ਹ ਵਿੱਚ 2.1 ਮਿਲੀਮੀਟਰ, ਲੁਧਿਆਣਾ ਵਿੱਚ 5 ਮਿਲੀਮੀਟਰ, ਗੁਰਦਾਸਪੁਰ ਵਿੱਚ 16.5 ਮਿਲੀਮੀਟਰ, ਮੋਗਾ ਵਿੱਚ 4 ਮਿਲੀਮੀਟਰ, ਬਰਨਾਲਾ ਵਿੱਚ 0.5 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਸੀ। 


ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਪੰਜਾਬ 'ਚ ਭਾਰੀ ਮੀਂਹ ਪੈ ਸਕਦਾ ਹੈ। ਕਈ ਜ਼ਿਲ੍ਹਿਆਂ ਵਿੱਚ 11 ਤੋਂ 13 ਸੈਂਟੀਮੀਟਰ ਮੀਂਹ ਪੈਣ ਦਾ ਅਨੁਮਾਨ ਹੈ। ਇਸ ਦੌਰਾਨ ਕੁਝ ਥਾਵਾਂ 'ਤੇ ਬੱਦਲ ਗਰਜ ਦੇ ਨਾਲ ਨਾਲ ਬਿਜਲੀ ਚਮਕਣ ਦੀ ਸੰਭਾਵਨਾ ਹੈ। 30 ਅਤੇ 31 ਜੁਲਾਈ ਨੂੰ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ।

ਲੁਧਿਆਣਾ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ 

ਲੁਧਿਆਣਾ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਵੀ ਮੌਸਮ ਠੰਢਾ ਰਿਹਾ। ਕਈ ਇਲਾਕਿਆਂ ਵਿੱਚ ਬੱਦਲਵਾਈ ਰਹਿਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸਵੇਰ ਤੋਂ ਰਾਤ ਤੱਕ ਕਿਤੇ-ਕਿਤੇ ਮੀਂਹ ਪਿਆ, ਕਿਤੇ ਮੀਂਹ ਦੀ ਇਕ ਬੂੰਦ ਵੀ ਨਹੀਂ ਪਈ, ਜਿਸ ਕਾਰਨ ਲੋਕ ਨਿਰਾਸ਼ਾ ਦੇ ਆਲਮ 'ਚ ਰਹੇ।

ਸ਼ਹਿਰ ਦੇ ਇੱਕ ਹਿੱਸੇ ਵਿੱਚ ਭਾਰੀ ਮੀਂਹ ਕਾਰਨ ਗਲੀਆਂ-ਨਾਲੀਆਂ ਵਿੱਚ ਪਾਣੀ ਭਰ ਗਈਆਂ ,ਜਦਕਿ ਦੂਜੇ ਹਿੱਸੇ ਵਿੱਚ ਦਿਨ ਭਰ ਕੜਕਦੀ ਧੁੱਪ ਅਤੇ ਹੁੰਮਸ ਕਾਰਨ ਲੋਕ ਪ੍ਰੇਸ਼ਾਨ ਰਹੇ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਜ਼ਿਲ੍ਹੇ ਵਿੱਚ 7 ​​ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 28 ਡਿਗਰੀ ਰਿਹਾ।