India Weather Update: ਦਿੱਲੀ ਸਮੇਤ ਉੱਤਰ ਭਾਰਤ ਵਿੱਚ ਘੱਟੋ-ਘੱਟ ਤਾਪਮਾਨ ਵਧਣ ਕਾਰਨ ਠੰਢ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਭਾਰਤੀ ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ, ਹਰਿਆਣਾ, ਬਿਹਾਰ 'ਚ ਇਕ ਵਾਰ ਫਿਰ ਮੌਸਮ ਬਦਲਿਆ ਤਾਂ ਪੱਛਮੀ ਹਿਮਾਲਿਆ 'ਚ ਮੀਂਹ ਦੇ ਨਾਲ-ਨਾਲ ਬਰਫਬਾਰੀ ਵੀ ਹੋਵੇਗੀ।
ਦਿੱਲੀ 'ਚ ਬੁੱਧਵਾਰ ਤੋਂ ਮੌਸਮ ਬਦਲ ਗਿਆ ਹੈ। ਆਸਮਾਨ 'ਚ ਬੱਦਲ ਛਾਏ ਹੋਏ ਹਨ, ਜਿਸ ਕਾਰਨ ਦਰਮਿਆਨੀ ਧੁੱਪ ਨਿਕਲ ਸਕਦੀ ਹੈ। ਉੱਥੇ ਹੀ ਭਾਰਤੀ ਮੌਸਮ ਵਿਭਾਗ ਮੁਤਾਬਕ 2 ਮਾਰਚ ਤੱਕ ਮੌਸਮ ਅਜਿਹਾ ਹੀ ਰਹੇਗਾ। ਅਗਲੇ ਆਉਣ ਵਾਲੇ ਦਿਨਾਂ 'ਚ ਹਲਕੀ ਠੰਢ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਦਿੱਲੀ ਵਿੱਚ ਅੱਜ ਅਤੇ ਕੱਲ੍ਹ ਬਾਰਿਸ਼ ਹੋਵੇਗੀ।
ਪੰਜਾਬ 'ਚ ਆਉਣ ਵਾਲੇ ਤਿੰਨ ਦਿਨਾਂ ਤੱਕ ਆਸਮਾਨ 'ਚ ਬੱਦਲ ਛਾਏ ਰਹਿਣ ਦੇ ਨਾਲ-ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਚੇਤਾਵਨੀ ਜਾਰੀ ਕਰਦੇ ਹੋਏ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਹਵਾ ਮੱਧਮ ਰਫ਼ਤਾਰ ਨਾਲ ਚੱਲ ਸਕਦੀ ਹੈ। ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 22 ਤੋਂ 23 ਡਿਗਰੀ ਸੈਲਸੀਅਸ ਹੋ ਸਕਦਾ ਹੈ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ।
ਜੰਮੂ-ਕਸ਼ਮੀਰ 'ਚ ਲਗਾਤਾਰ ਹੋ ਰਹੀ ਬਾਰਿਸ਼ ਅਤੇ ਬਰਫਬਾਰੀ ਕਾਰਨ ਠੰਢ ਇੱਕ ਵਾਰ ਫਿਰ ਵਧ ਗਈ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ 2 ਮਾਰਚ ਤੱਕ ਮੀਂਹ ਅਤੇ ਬਰਫਬਾਰੀ ਤੋਂ ਕੋਈ ਰਾਹਤ ਨਹੀਂ ਮਿਲੇਗੀ। ਅੱਜ ਸ੍ਰੀਨਗਰ, ਕਸ਼ਮੀਰ ਵਿੱਚ ਵੱਧ ਤੋਂ ਵੱਧ ਤਾਪਮਾਨ 6 ਅਤੇ ਘੱਟੋ-ਘੱਟ ਤਾਪਮਾਨ 2 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਅੱਜ ਜੰਮੂ ਵਿੱਚ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।
ਉਧਰ ਉੱਤਰਾਖੰਡ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਸ਼ੁੱਕਰਵਾਰ ਨੂੰ ਮੀਂਹ ਦੇ ਨਾਲ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਅੱਜ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ 1 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 11 ਡਿਗਰੀ ਸੈਲਸੀਅਸ ਰਹਿ ਸਕਦਾ ਹੈ।
ਜੇਕਰ ਗੱਲ ਹਿਮਾਚਲ ਪ੍ਰਦੇਸ਼ ਦੀ ਕਰੀਏ ਤਾਂ ਇੱਥੇ ਬੀਤੇ ਦਿਨ ਬਰਫਬਾਰੀ ਅਤੇ ਮੀਂਹ ਕਾਰਨ ਕਈ ਸੜਕਾਂ ਅਤੇ ਬਿਜਲੀ ਦੇ ਟਰਾਂਸਫਾਰਮਰ ਠੱਪ ਹੋਏ ਦੇਖੇ ਗਏ। ਇਸ ਦੇ ਨਾਲ ਹੀ ਅੱਜ ਵੀ ਮੌਸਮ ਅਜਿਹਾ ਹੀ ਰਹੇਗਾ। ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 8 ਡਿਗਰੀ ਜਦਕਿ ਘੱਟੋ-ਘੱਟ ਤਾਪਮਾਨ -1 ਡਿਗਰੀ ਰਹਿ ਸਕਦਾ ਹੈ।