ਲੁਧਿਆਣਾ: ਪੰਜਾਬ ਵਿੱਚ ਬੁੱਧਵਾਰ ਰਾਤ ਤੋਂ ਹੀ ਮੌਸਮ ਖ਼ਰਾਬ ਚੱਲ ਰਿਹਾ ਹੈ। ਕਈ ਥਾਂਵਾਂ 'ਤੇ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ, ਇਸੇ ਦੌਰਾਨ ਮੌਸਮ ਵਿਭਾਗ ਤੋਂ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਵਾਲੀ ਖ਼ਬਰ ਨਸ਼ਰ ਕੀਤੀ ਗਈ ਹੈ। ਵਿਭਾਗ ਮੁਤਾਬਕ ਤਾਜ਼ਾ ਮੌਸਮੀ ਗੜਬੜੀਆਂ ਕਾਰਨ ਆਲੂਆਂ, ਸਬਜ਼ੀਆਂ ਤੇ ਕਣਕ ਦੀ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ।


ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਿਤ ਖੇਤੀ ਮੌਸਮ ਵਿਗਿਆਨ ਵਿਭਾਗ ਵੱਲੋਂ ਆਉਂਦੇ 24 ਤੋਂ 48 ਘੰਟਿਆਂ ਤਕ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਵਿਭਾਗ ਦੀ ਮੁਖੀ ਪ੍ਰਭਜੋਤ ਕੌਰ ਸਿੱਧੂ ਨੇ ਦੱਸਿਆ ਕਿ ਭਾਰਤੀ ਮੌਸਮ ਵਿਭਾਗ ਮੁਤਾਬਕ ਤਾਜ਼ਾ ਪੱਛਮੀ ਤਬਦੀਲੀਆਂ ਕਾਰਨ ਪੰਜਾਬ 'ਚ ਆਉਂਦੇ 24 ਤੋਂ 48 ਘੰਟਿਆਂ ਤਕ ਮੌਸਮ ਖਰਾਬ ਰਹੇਗਾ।


ਉਨ੍ਹਾਂ ਸਾਫ਼ ਕੀਤਾ ਕਿ ਇਸ ਦੌਰਾਨ ਪੰਜਾਬ ਵਿੱਚ ਕਈ ਥਾਂ ਮੀਂਹ ਪਵੇਗਾ ਅਤੇ ਕਈ ਜਗ੍ਹਾ ਗੜ੍ਹੇਮਾਰੀ ਹੋਣ ਦਾ ਵੀ ਖ਼ਦਸ਼ਾ ਹੈ। ਉਨ੍ਹਾਂ ਦੱਸਿਆ ਕਿ ਗੜ੍ਹੇਮਾਰੀ ਕਾਰਨ ਫ਼ਸਲਾਂ ਦਾ ਨੁਕਸਾਨ ਹੋ ਸਕਦਾ ਹੈ। ਵਿਭਾਗ ਨੇ ਕਿਸਾਨਾਂ ਨੂੰ ਸਲਾਹ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਖੇਤਾਂ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਪੂਰਾ ਇੰਤਜ਼ਾਮ ਕਰਨ। ਉਨ੍ਹਾਂ ਕਿਸਾਨਾਂ ਨੂੰ ਫ਼ਸਲਾਂ ਨਾ ਸਿੰਜਣ ਦੀ ਸਲਾਹ ਵੀ ਦਿੱਤੀ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਵਿੱਚ ਭਾਰੀ ਮੀਂਹ ਤੇ ਗੜ੍ਹੇਮਾਰੀ ਹੋਈ ਸੀ, ਜਿਸ ਕਾਰਨ ਫ਼ਸਲਾਂ ਦਾ ਕਾਫੀ ਨੁਕਸਾਨ ਹੋਇਆ ਸੀ। ਸਰਕਾਰ ਨੇ ਕਿਸਾਨਾਂ ਦੇ ਇਸ ਨੁਕਸਾਨ ਦੀ ਭਰਪਾਈ ਕਰਨ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਵੀ ਦਿੱਤੇ ਹੋਏ ਹਨ ਪਰ ਹੁਣ ਤਾਜ਼ਾ ਚੇਤਾਵਨੀ ਨੇ ਕਿਸਾਨਾਂ ਦੀਆਂ ਚਿੰਤਾਵਾਂ ਫਿਰ ਵਧਾ ਦਿੱਤੀਆਂ ਹਨ।