ਚੰਡੀਗੜ੍ਹ: ਪੰਜਾਬ ਸਮੇਤ ਉਤਰੀ ਭਾਰਤ ਵਿੱਚ ਮੀਂਹ ਦੀ ਸੰਭਾਵਨਾ ਹੈ। ਚੰਡੀਗੜ੍ਹ ਵਿੱਚ ਹਲਕੀ ਬਾਰਸ਼ ਹੋਈ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਵੀ ਕਈ ਥਾਵਾਂ ਤੇ ਹਲਕੀ ਬਾਰਸ਼ ਹੋਈ ਹੈ ਤੇ ਬੱਦਲਵਾਈ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਤਾਜ਼ਾ ਪੱਛਮੀ ਗੜਬੜ ਕਾਰਨ ਅੱਜ ਉੱਤਰ ਭਾਰਤ ਵਿੱਚ ਗਰਜਾਂ ਦੇ ਨਾਲ ਨਾਲ ਹਲਕੇ ਤੋਂ ਦਰਮਿਆਨਾਂ ਮੀਂਹ ਪੈ ਸਕਦਾ ਹੈ। ਪਹਾੜਾ 'ਚ ਇੱਕ ਵਾਰ ਫੇਰ ਬਰਫਬਾਰੀ ਹੋਈ ਹੈ।



ਪੱਛਮੀ ਗੜਬੜ ਦੇ ਪ੍ਰਭਾਵ ਅਧੀਨ, ਪੱਛਮੀ ਹਿਮਾਲਿਆਈ ਖੇਤਰ ਜੰਮੂ ਕਸ਼ਮੀਰ, ਲੱਦਾਖ, ਪੰਜਾਬ ਤੇ ਉੱਤਰੀ ਹਰਿਆਣਾ ਵਿੱਚ ਗੜੇਮਾਰੀ ਦੇ ਨਾਲ ਭਾਰੀ ਬਾਰਸ਼ ਹੋ ਸਕਦੀ ਹੈ। ਇਹੋ ਸਥਿਤੀ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਦੇ ਕਈ ਇਲਾਕਿਆਂ ਵਿੱਚ ਰਹੇਗੀ। ਇਸ ਤੋਂ ਇਲਾਵਾ ਅਗਲੇ ਚਾਰ ਤੋਂ ਪੰਜ ਦਿਨਾਂ ਤੱਕ ਅਰੁਣਾਚਲ ਪ੍ਰਦੇਸ਼ ਵਿੱਚ ਵੀ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।

ਕੌਮੀ ਰਾਜਧਾਨੀ ਦਿੱਲੀ ਵਿੱਚ ਵੀ ਹਲਕੀ ਬਾਰਿਸ਼ ਦੇ ਅਸਾਰ ਹਨ।ਇਸ ਤੋਂ ਇਲਾਵਾ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਤਪਮਾਨ ਸੋਮਵਾਰ ਤੱਕ 34 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ।