ਝੱਜਰ (ਹਰਿਆਣਾ): ਨਵੀਂ ਦਿੱਲੀ ਦੇ ਟਿਕਰੀ-ਬਹਾਦਰਗੜ੍ਹ ਬਾਰਡਰ ’ਤੇ ਪਿੰਡ ਬਲੋਰ ਦੇ ਨਿਵਾਸੀ ਅਤੇ ਸੇਵਾ-ਮੁਕਤ ਕਸਟਮਜ਼ ਆਫ਼ੀਸਰ ਨਰ ਸਿੰਘ ਰਾਓ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਆਪਣੀ ਵਾਹੀਯੋਗ ਜ਼ਮੀਨ ਦਾ ਦੋ ਏਕੜ ਰਕਬਾ ਸਬਜ਼ੀਆਂ ਉਗਾਉਣ ਲਈ ਦਿੱਤਾ ਹੈ। ਜਿਹੜੇ ਕਿਸਾਨਾਂ ਨੂੰ ਉਨ੍ਹਾਂ ਆਪਣੀ ਜ਼ਮੀਨ ਦਿੱਤੀ ਹੈ, ਉਹ ਅੰਮ੍ਰਿਤਸਰ ਨਾਲ ਸਬੰਧਤ ਹਨ।
ਨਰ ਸਿੰਘ ਰਾਓ ਨੇ ਦੱਸਿਆ, ਇਹ ਕਿਸਾਨ ਪਿਛਲੇ ਚਾਰ ਮਹੀਨਿਆਂ ਤੋਂ ਮੇਰੇ ਖੇਤਾਂ ਲਾਗੇ ਡੇਰੇ ਲਾ ਕੇ ਬੈਠੇ ਹੋਏ ਹਨ। ਪਹਿਲਾਂ ਮੈਂ ਉਨ੍ਹਾਂ ਨਹਾਉਣ-ਧੋਣ, ਪਖਾਨੇ ਵਰਤਣ ਦੀਆਂ ਸਹੂਲਤਾਂ ਦਿੱਤੀਆਂ ਸਨ ਤੇ ਉਨ੍ਹਾਂ ਨੂੰ ਬਹੁਤ ਵਾਰ ਦੁੱਧ ਤੇ ਭੋਜਨ ਵੀ ਮੁਹੱਈਆ ਕਰਵਾਇਆ ਹੈ। ਕੁਝ ਸਮਾਂ ਪਹਿਲਾਂ ਅੰਦੋਲਨਕਾਰੀ ਕਿਸਾਨਾਂ ਨੇ ਸਬਜ਼ੀਆਂ ਦੀ ਘਾਟ ਦੂਰ ਕਰਨ ਲਈ ਉਨ੍ਹਾਂ ਨੂੰ ਉਗਾਉਣ ਲਈ ਕਿਰਾਏ ਉੱਤੇ ਜ਼ਮੀਨ ਮੰਗੀ ਸੀ ਪਰ ਮੈਂ ਉਨ੍ਹਾਂ ਨੂੰ ਇਨਸਾਨੀਅਤ ਦੇ ਆਧਾਰ ਉਤੇ ਜ਼ਮੀਨ ਬਿਲਕੁਲ ਮੁਫ਼ਤ ਦਿੱਤੀ ਹੈ; ਆਖ਼ਰ ਉਹ ਸਮੂਹ ਕਿਸਾਨ ਭਾਈਚਾਰੇ ਲਈ ਲੜ ਰਹੇ ਹਨ। ਰਾਓ ਹੁਰਾਂ ਕੋਲ ਚਾਰ ਏਕੜ ਵਾਹੀਯੋਗ ਜ਼ਮੀਨ ਹੈ ਤੇ ਉਨ੍ਹਾਂ ਕਿਸਾਨ ਅੰਦੋਲਨ ਜਾਰੀ ਰਹਿਣ ਤੱਕ ਇਹ ਜ਼ਮੀਨ ਵਰਤਣ ਲਈ ਉਨ੍ਹਾਂ ਨੂੰ ਦੇ ਦਿੰਤੀ ਹੈ।
ਅੰਮ੍ਰਿਤਸਰ ਦੇ ਕਿਸਾਨ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਅਸੀਂ ਲੰਮੀ ਯੋਜਨਾ ਉਲੀਕੀ ਹੋਈ ਹੈ। ਅਸੀਂ ਇਸ ਵੇਲੇ ਸਿਰਫ਼ ਅੰਦੋਲਨ ਹੀ ਕਰ ਰਹੇ ਹਾਂ। ਅਸੀਂ ਹੁਣ ਖੀਰਾ, ਕੱਦੂ, ਪਿਪਰਮਿੰਟ ਆਦਿ ਉਗਾਉਣ ਦਾ ਫ਼ੈਸਲਾ ਕੀਤਾ ਹੈ, ਤਾਂ ਜੋ ਅੰਦੋਲਨਕਾਰੀ ਕਿਸਾਨਾਂ ਲਈ ਰੋਜ਼ਮੱਰਾ ਦੀਆਂ ਸਬਜ਼ੀਆਂ ਦੀ ਮੰਗ ਪੂਰੀ ਕੀਤੀ ਜਾ ਸਕੇ। ਹਰਿਆਣਾ ਦੇ ਨਿਵਾਸੀ ਪਿਛਲੇ ਚਾਰ ਮਹੀਨਿਆਂ ਤੋਂ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾ ਰਹੇ ਹਨ ਪਰ ਪਿਛਲੇ ਦੋ ਕੁ ਦਿਨਾਂ ਤੋਂ ਸਬਜ਼ੀਆਂ ਦੀ ਸਪਲਾਈ ਕੁਝ ਘਟ ਗਈ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਖੇਤ ਨੂੰ ਵਾਹ ਦਿੱਤਾ ਹੈ ਤੇ ਹੁਣ ਘਰੋਂ ਸਬਜ਼ੀਆਂ ਦੇ ਬੀਜ ਮੰਗਵਾਏ ਹਨ। ਅਗਲੇ 45 ਦਿਨਾਂ ਅੰਦਰ ਸਬਜ਼ੀਆਂ ਵਰਤਣਯੋਗ ਹੋ ਜਾਣਗੀਆਂ। ਉਨ੍ਹਾਂ ਨੂੰ ਟੀਕਰੀ ਬਾਰਡਰ ’ਤੇ ਬੈਠੇ ਕਿਸਾਨਾਂ ਵਿੱਚ ਵੰਡ ਦਿੱਤਾ ਜਾਇਆ ਕਰੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904