ਨਵੀਂ ਦਿੱਲੀ: ਕੋਰੋਨਾ ਦੀ ਲਾਗ ਦੇ ਵਧਦੇ ਮਾਮਲਿਆਂ ਦੌਰਾਨ 10ਵੀਂ ਤੇ 12ਵੀਂ ਜਮਾਤ ਦੇ ਇੱਕ ਲੱਖ ਤੋਂ ਵੱਧ ਵਿਦਿਆਰਥੀਆਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਮਈ ਮਹੀਨੇ ਹੋਣ ਵਾਲੀਆਂ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰ ਦੇਣ ਜਾਂ ਉਨ੍ਹਾਂ ਨੂੰ ਆਨਲਾਈਨ ਮੋਡ ਵਿੱਚ ਲੈਦ। ਦੱਸ ਦੇਈਏ ਕਿ ਪਿਛਲੇ ਦੋ ਦਿਨਾਂ ਤੋਂ ਟਵਿਟਰ ਉਤੇ #cancelboardexams2021 ਟ੍ਰੈਂਡ ਕਰ ਰਿਹਾ ਹੈ।


ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਅਤੇ ਭਾਰਤੀ ਸਕੂਲ ਸਰਟੀਫ਼ਿਕੇਸ਼ਨ ਪ੍ਰੀਖਿਆ ਪ੍ਰੀਸ਼ਦ (CISCE) ਦੋਵਾਂ ਨੇ ਕਿਹਾ ਹੈ ਕਿ ਵਿਦਿਆਰਥੀਆਂ ਲਈ ਸੁਰੱਖਿਆ ਦੇ ਵਾਜਬ ਇੰਤਜ਼ਾਮ ਕੀਤੇ ਜਾ ਰਹੇ ਹਨ ਤੇ ਪ੍ਰੀਖਿਆ ਦੌਰਾਨ ਕੋਵਿਡ-19 ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।


CBSE ਦੇ ਇੱਕ ਸੀਨੀਅਰ ਅਧਿਕਾਰੀ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਵਿਦਿਆਰਥੀਆਂ ਨੂੰ ਸੁਰੱਖਿਅਤ ਰੱਖਣ ਲਈ ਵਾਜਬ ਇੰਤਜ਼ਾਮ ਕੀਤੇ ਜਾ ਰਹੇ ਹਨ ਤੇ ਕੋਵਿਡ ਦੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਵੇਗੀ। ਸਮਾਜਕ ਦੂਰੀ ਯਕੀਨੀ ਬਣਾਉਣ ਲਈ ਪ੍ਰੀਖਿਆ ਕੇਂਦਰਾਂ ਦੀ ਗਿਣਤੀ ਵਿੱਚ 40-50 ਫ਼ੀਸਦੀ ਵਾਧਾ ਕੀਤਾ ਗਿਆ ਹੈ। ਪ੍ਰੀਖਿਆ ਕੇਂਦਰਾਂ ਦੇ ਕਰਮਚਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਸੰਵੇਦਨਸ਼ੀਲ ਬਣਾਇਆ ਜਾ ਰਿਹਾ ਹੈ ਕਿ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।


ਦੱਸ ਦੇਈਏ ਕਿ Change.org ਉੱਤੇ ਇੱਕ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਹਾਲਾਤ ਦਿਨ--ਦਿਨ ਖ਼ਰਾਬ ਹੁੰਦੇ ਜਾ ਰਹੇ ਹਨ। ਜਦੋਂ ਦੇਸ਼ ਵਿੱਚ ਕੁਝ ਹੀ ਮਾਮਲੇ ਸਨ, ਤਾਂ ਉਨ੍ਹਾਂ ਨੇ ਬੋਰਡ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਸੀ ਤੇ ਹੁਣ ਜਦੋਂ ਮਾਮਲੇ ਸਿਖ਼ਰ ਉੱਤੇ ਹਨ, ਤਾਂ ਉਹ ਸਕੂਲ ਖੋਲ੍ਹਣ ਦੀ ਯੋਜਨਾ ਉਲੀਕ ਰਹੇ ਹਨ। ਅਸੀਂ ਸਿੱਖਿਆ ਮੰਤਰੀ ਨੂੰ ਇਸ ਮਾਮਲੇ ’ਚ ਵੇਖਣ ਤੇ ਇਸ ਸਾਲ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਰੱਦ ਕਰਨ ਦੀ ਬੇਨਤੀ ਕਰਦੇ ਹਾਂ ਕਿਉਂਕਿ ਵਿਦਿਆਰਥੀ ਪਹਿਲਾਂ ਹੀ ਬਹੁਤ ਤਣਾਅ ’ਚ ਹਨ।


ਦੱਸ ਦੇਈਏ ਕਿ ਕਈ ਵਿਦਿਆਰਥੀਆਂ ਨੇ ਲਿਖਿਆ ਹੈ ਕਿ ਸਰਕਾਰ ਘੱਟੋ-ਘੱਟ ਇੱਕ ਮਹੀਨੇ ਲਈ ਪ੍ਰੀਖਿਆਵਾਂ ਮੁਲਤਵੀ ਕਰ ਦੇਵੇ ਤੇ ਫਿਰ ਮਾਮਲਿਆਂ ਦੀ ਗਿਣਤੀ ਦੇ ਆਧਾਰ ਉੱਤੇ ਅਗਲੇਰੀ ਸਮੀਖਿਆ ਕਰੇ। ਇੱਕ ਹੋਰ ਯੂਜ਼ਰ ਨੇ ਟਵੀਟ ਕੀਤਾ ਕਿ ਇਸ ਮਹਾਮਾਰੀ ਕਾਰਣ ਵਿਦਿਆਰਥੀਆਂ ਨੂੰ ਪਹਿਲਾਂ ਹੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਜਮਾਤਾਂ ਆੱਨਲਾਈਨ ਆਯੋਜਿਤ ਕੀਤੀਆਂ ਗਈਆਂ ਸਨ, ਇਸ ਲਈ ਪ੍ਰੀਖਿਆਵਾਂ ਵੀ ਆੱਨਲਾਈਨ ਹੋਣੀਆਂ ਚਾਹੀਦੀਆਂ ਹਨ ਜਾਂ ਵਿਦਿਆਰਥੀਆਂ ਨੂੰ ਅੰਦਰੂਨੀ ਮੁੱਲਾਂਕਣ ਦੇ ਅੰਕਾਂ ਰਾਹੀਂ ਪ੍ਰੋਮੋਟ ਕੀਤਾ ਜਾਣਾ ਚਾਹੀਦਾ ਹੈ।


ਗ਼ੌਰਤਲਬ ਹੈ ਕਿ ਆਮ ਤੌਰ ਉੱਤੇ ਪ੍ਰੈਕਟੀਕਲ ਪ੍ਰੀਖਿਆਵਾਂ ਜਨਵਰੀ ਮਹੀਨੇ ਕੀਤੀਆਂ ਜਾਂਦੀਆਂ ਹਨ ਤੇ ਲਿਖਤੀ ਪ੍ਰੀਖਿਆ ਫ਼ਰਵਰੀ ’ਚ ਸ਼ੁਰੂ ਹੁੰਦੀ ਹੈ ਤੇ ਮਾਰਚ ਮਹੀਨੇ ਖ਼ਤਮ ਹੁੰਦੀ ਹੈ ਪਰ ਪਿਛਲੇ ਸਾਲ ਕੋਰੋਨਾ ਦੀ ਲਾਗ ਕਰਕੇ ਪ੍ਰੀਖਿਆ ਵਿੱਚ ਦੇਰੀ ਹੋਈ।


ਇਹ ਵੀ ਪੜ੍ਹੋ: ਹਰਿਆਣਾ ਦੇ ਆੜ੍ਹਤੀ ਵੀ ਹੋ ਗਏ ਬਾਗੀ, ਪੂਰੇ ਸੂਬੇ 'ਚ ਕੰਮ ਕਰਨ ਤੋਂ ਇਨਕਾਰ, ਮਜ਼ਦੂਰ ਕਰ ਰਹੇ ਮੰਡੀਆਂ 'ਚ ਆਰਾਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904


Education Loan Information:

Calculate Education Loan EMI