ਨਵੀਂ ਦਿੱਲੀ: ਮੋਦੀ ਸਰਕਾਰ ਨੇ ਚੌਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ 200 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਜਾ ਸਕਦਾ ਹੈ। ਕੈਬਨਿਟ ਦੀ ਬੈਠਕ ਵਿੱਚ 2018-19 ਲਈ ਚੌਲਾਂ ਸਮੇਤ ਹੋਰ ਸਾਉਣੀ ਦੀਆਂ ਫ਼ਸਲਾਂ ਦੇ ਸਰਮਥਨ ਮੁੱਲ 'ਤੇ ਮੁਹਰ ਲੱਗ ਸਕਦੀ ਹੈ। ਇਸ ਸਾਲ ਮੋਦੀ ਸਰਕਾਰ ਨੇ ਬਜਟ ਵਿੱਚ ਫ਼ਸਲਾਂ ਦੇ ਸਮਰਥਨ ਮੁੱਲ ਨੂੰ ਉਨ੍ਹਾਂ ਦੀ ਲਾਗਤ ਤੋਂ ਡੇਢ ਗੁਣਾ ਕਰਨ ਦਾ ਐਲਾਨ ਕੀਤਾ ਸੀ।

 

ਚੌਲਾਂ ਦੇ ਮੁੱਲ ਵਿੱਚ ਸਭ ਤੋਂ ਜ਼ਿਆਦਾ ਵਾਧਾ

ਸਮਰਥਨ ਮੁੱਲ ਵਧਣ ਨਾਲ ਸਰਕਾਰੀ ਖ਼ਜ਼ਾਨੇ 'ਤੇ 12,000 ਕਰੋੜ ਰੁਪਏ ਦਾ ਖਰਚਾ ਪੈ ਸਕਦਾ ਹੈ। ਇਸ ਸਮੇਂ ਚੌਲਾਂ ਦਾ ਸਮਰਥਨ ਮੁੱਲ 1550 ਰੁਪਏ ਪ੍ਰਤੀ ਕੁਇੰਟਲ ਹੈ। ਸੂਤਰਾਂ ਮੁਤਾਬਕ ਸਰਕਾਰ ਇਸ ਨੂੰ ਵਧਾ ਕੇ 1750 ਰੁਪਏ ਫ਼ੀ ਕੁਇੰਟਲ ਕਰ ਸਕਦੀ ਹੈ। ਇਸ ਮੁਤਾਬਕ ਜੀਰੀ ਦਾ ਮੌਜੂਦਾ ਸਮਰਥਨ ਮੁੱਲ ਸਿਰਫ਼ 38 ਫ਼ੀ ਸਦੀ ਜ਼ਿਆਦਾ ਹੈ।

ਹਰ ਸਾਲ ਐਲਾਨਿਆ ਜਾਂਦਾ ਹੈ MSP

ਸਾਉਣੀ ਦੇ ਸੀਜ਼ਨ ਵਿੱਚ 14 ਫ਼ਸਲਾਂ ਲਈ ਸਰਕਾਰ ਘੱਟੋ ਘੱਟ ਸਮਰਥਨ ਮੁੱਲ ਐਲਾਨਦੀ ਹੈ। ਸਾਉਣੀ ਦੀਆਂ ਫ਼ਸਲਾਂ ਨੂੰ ਬੀਜੇ ਜਾਣ ਤੋਂ ਪਹਿਲਾਂ ਹਰ ਸਾਲ ਜੂਨ ਦੇ ਮਹੀਨੇ ਇਸ ਦਾ ਐਲਾਨ ਕੀਤਾ ਜਾਂਦਾ ਹੈ। ਇਸ ਵਿੱਚ ਚੌਲਾਂ ਤੋਂ ਇਲਾਵਾ, ਜਵਾਰ, ਬਾਜਰਾ, ਅਰਹਰ, ਮਾਂਹ, ਮੂੰਗੀ, ਸੋਇਆਬੀਨ, ਮੂੰਗਫਲੀ ਤੇ ਕਪਾਹ ਵਰਗੀਆਂ ਫ਼ਸਲਾਂ ਸ਼ਾਮਲ ਹਨ। ਏਬੀਪੀ ਨਿਊਜ਼ ਨੂੰ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਫ਼ਸਲਾਂ ਵਿੱਚ ਬਾਜਰਾ, ਅਰਹਰ ਤੇ ਮਾਂਹ ਨੂੰ ਛੱਡ ਕੇ ਸਾਰੀਆਂ ਫ਼ਸਲਾਂ ਦਾ ਸਮਰਥਨ ਮੁੱਲ ਉਨ੍ਹਾਂ ਦੀ ਲਾਗਤ ਮੁੱਲ ਤੋਂ ਡੇਢ ਗੁਣਾ ਘੱਟ ਹੈ।

ਵਧ ਸਕਦਾ ਹੈ ਘੱਟੋ ਘੱਟ ਸਮਰਥਨ ਮੁੱਲ

ਹਾਲਾਂਕਿ, ਸੂਤਰਾਂ ਮੁਤਾਬਕ ਜਿਨ੍ਹਾਂ ਫ਼ਸਲਾਂ ਦੇ ਵਰਤਮਾਨ ਸਮਰਥਨ ਮੁੱਲ ਵਿੱਚ ਵਾਧੇ ਦਾ ਪ੍ਰਸਤਾਵ ਹੈ। ਮੂੰਗੀ ਦਾ ਸਮਰਥਨ ਮੁੱਲ ਫਿਲਹਾਲ 5575 ਰੁਪਏ ਕੁਇੰਟਲ ਹੈ ਜੋ ਵਧ ਕੇ 6975 ਰੁਪਏ ਹੋ ਸਕਦਾ ਹੈ। ਉੱਥੇ ਹੀ ਮਾਂਹ ਦਾ ਐਮਐਸਪੀ ਫ਼ਿਲਹਾਲ 5400 ਰੁਪਏ ਹੈ ਜਿਸ ਦੇ 5600 ਰੁਪਏ ਪ੍ਰਤੀ ਕੁਇੰਟਲ ਹੋਣ ਦੇ ਆਸਾਰ ਹਨ। ਅਰਹਰ ਦਾ ਸਮਰਥਨ ਮੁੱਲ 5450 ਰੁਪਏ ਤੋਂ ਵਧ ਕੇ 5675 ਰੁਪਏ ਫ਼ੀ ਕੁਇੰਟਲ ਤਕ ਜਾ ਸਕਦਾ ਹੈ।

ਖੇਤੀ ਸੰਕਟ ਕਾਰਨ ਸਰਕਾਰ ਨਿਸ਼ਾਨੇ 'ਤੇ

ਚੋਣਾਂ ਵਾਲਾ ਵਰ੍ਹਾ ਹੋਣ ਕਾਰਨ ਮੋਦੀ ਸਰਕਾਰ ਉੱਪਰ ਬਹੁਤ ਦਬਾਅ ਹੈ। ਮੋਦੀ ਨੇ ਸੱਤਾ ਵਿੱਚ ਆਉਣ ਲਈ ਕੀਤੇ ਵਾਅਦਿਆਂ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਐਲਾਨ ਕੀਤਾ ਸੀ। ਇਸ ਲਈ ਵਿਰੋਧੀ ਧਿਰਾਂ ਲਗਾਤਾਰ ਪ੍ਰਧਾਨ ਮੰਤਰੀ ਨੂੰ ਘੇਰ ਰਹੀਆਂ ਹਨ।