ਪੰਜਾਬ 'ਚ ਝੋਨੇ ਦੇ ਉਤਪਾਦਨ ਨੇ ਤੋੜਿਆ ਦਸ ਸਾਲਾਂ ਦਾ ਰਿਕਾਰਡ
ਏਬੀਪੀ ਸਾਂਝਾ | 06 Dec 2017 10:20 AM (IST)
ਚੰਡੀਗੜ੍ਹ: ਪੰਜਾਬ ਵਿੱਚ ਝੋਨੇ ਦੇ ਝਾੜ ਵਿੱਚ ਇਸ ਵਾਰ ਰਿਕਾਰਡਤੋੜ ਉਤਪਾਦਨ ਹੋਇਆ ਹੈ। ਚਾਰ ਦਸੰਬਰ ਤਕ ਮੰਡੀਆਂ ਵਿੱਚ 192.17 ਲੱਖ ਮੀਟ੍ਰਿਕ ਟਨ ਫ਼ਸਲ ਪਹੁੰਚ ਚੁੱਕੀ ਹੈ। ਪਿਛਲੇ ਸਾਲ ਝੋਨੇ ਦਾ ਝਾੜ ਪਿਛਲੇ ਦਸ ਸਾਲਾਂ ਵਿੱਚ ਸਭ ਤੋਂ ਵੱਧ ਮੰਨਿਆ ਗਿਆ ਸੀ ਅਤੇ ਇਹ 168 ਲੱਖ ਮੀਟ੍ਰਿਕ ਟਨ ਦੱਸਿਆ ਜਾ ਰਿਹਾ ਹੈ। ਇਸ ਵਾਰ ਦਾ ਝਾੜ ਭਾਰਤ ਸਰਕਾਰ ਵੱਲੋਂ ਝੋਨੇ ਦੇ ਉਤਪਾਦਨ ਦੇ ਮਿੱਥੇ ਗਏ ਟੀਚੇ ਦਾ 51 ਫ਼ੀਸਦੀ ਬਣਦਾ ਹੈ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜਸਬੀਰ ਬੈਂਸ ਨੇ ਕਿਹਾ ਹੈ ਕਿ ਇਸ ਵਾਰ ਦਾ ਝੋਨੇ ਦੇ ਝਾੜ ਨੇ ਰਿਕਾਰਡ ਬਣਾਇਆ ਹੈ ਅਤੇ ਨਵਾਂ ਇਤਿਹਾਸ ਰਚਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਭਾਗ ਦੇ ਰਜਿਸਟਰਾਂ ਵਿੱਚ ਏਨਾ ਝਾੜ ਪਹਿਲਾਂ ਕਦੇ ਦਰਜ ਨਹੀਂ ਹੋਇਆ ਹੈ। ਖੇਤੀਬਾੜੀ ਵਿਭਾਗ ਵੱਲੋਂ ਮਿਲੇ ਅੰਕੜਿਆਂ ਮੁਤਾਬਿਕ 192.17 ਲੱਖ ਮੀਟ੍ਰਿਕ ਟਨ ਵਿੱਚੋਂ ਤੇਰਾਂ ਲੱਖ ਮੀਟ੍ਰਿਕ ਟਨ ਬਾਸਮਤੀ ਦੱਸੀ ਜਾ ਰਹੀ ਹੈ। ਕਿਸਾਨ ਨੇ ਜਿਹੜਾ ਚਾਵਲ ਆਪਣੇ ਖਾਣ ਲਈ ਰੱਖਿਆ ਹੈ, ਉਹ ਇਸ ਤੋਂ ਵੱਖਰਾ ਹੈ। ਮੰਡੀਆਂ ਵਿੱਚ ਆਈ ਜਿਣਸ ਵਿੱਚੋਂ 95 ਫ਼ੀਸਦੀ ਦੀ ਚੁਕਾਈ ਹੋ ਚੁੱਕੀ ਹੈ। ਝੋਨੇ ਦਾ ਭਾਅ 1590 ਰੁਪਏ ਪ੍ਰਤੀ ਕੁਇੰਟਲ ਲੱਗਾ ਹੈ ਜਿਸ ਨਾਲ ਕਿਸਾਨ ਖ਼ੁਸ਼ ਨਜ਼ਰ ਆ ਰਿਹਾ ਹੈ। ਇਸ ਵਾਰ ਝੋਨੇ ਹੇਠਲਾ ਰਕਬਾ ਪਿਛਲੇ ਸਾਲ ਨਾਲੋਂ ਪੰਜਾਹ ਹਜ਼ਾਰ ਹੈਕਟੇਅਰ ਘੱਟ ਸੀ ਅਤੇ ਇਸ ਦੇ ਬਾਵਜੂਦ ਉਤਪਾਦਨ ਰਿਕਾਰਡਤੋੜ ਰਿਹਾ ਹੈ।