ਬਠਿੰਡਾ : ਜੈਤੋ ਦੇ ਪਿੰਡ ਰਾਮੂੰਵਾਲਾ (ਡੇਲਿਆਂ ਵਾਲੀ) ਵਿੱਚ ਕਾਲਜ ਦੀ ਫ਼ੀਸ ਭਰਨ ਤੋਂ ਅਸਮਰੱਥ ਕਿਸਾਨ ਦੇ 18 ਸਾਲਾ ਬੇਟੇ ਨੇ ਖੇਤ ਵਿੱਚ ਫਾਹਾ ਲੈਕੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਬਠਿੰਡਾ ਦੇ ਇੱਕ ਨਿੱਜੀ ਕਾਲਜ ਵਿੱਚ ਬੀ.ਏ. ਦੂਜਾ ਸਾਲ ਦਾ ਵਿਦਿਆਰਥੀ ਸੀ ਅਤੇ ਉਸ ਨੇ ਦੂਜੇ ਸਮੈਸਟਰ ਦੀ ਫ਼ੀਸ ਭਰਨੀ ਸੀ। ਉਸ ਦੇ ਪਿਤਾ ਕੌਰ ਸਿੰਘ ਦੀ ਆਰਥਿਕ ਹਾਲਤ ਮਾੜੀ ਹੋਣ ਕਾਰਨ ਉਹ ਆਪਣੇ ਪੁੱਤਰ ਦੀ ਫ਼ੀਸ ਭਰਨੋਂ ਅਸਮਰੱਥ ਸੀ। ਜਾਣਕਾਰੀ ਮੁਤਾਬਿਕ ਕੌਰ ਸਿੰਘ ਛੋਟਾ ਕਿਸਾਨ ਹੈ ਅਤੇ ਉਸ ਕੋਲ 1.5 ਏਕੜ ਪੁਸ਼ਤੈਨੀ ਜ਼ਮੀਨ ਹੈ। ਉਸ ਦੇ ਸਿਰ ਇੱਕ ਬੈਂਕ ਦਾ ਕਰੀਬ ਦੋ ਲੱਖ ਰੁਪਏ ਦਾ ਕਰਜ਼ਾ ਵੀ ਦੱਸਿਆ ਜਾ ਰਿਹਾ ਹੈ। ਗੁਰਪ੍ਰੀਤ ਸਿੰਘ ਪ੍ਰੇਸ਼ਾਨ ਹੋ ਕੇ ਸ਼ਾਮ ਨੂੰ ਘਰੋਂ ਚਲਾ ਗਿਆ ਸੀ ਅਤੇ ਦੋ ਘੰਟਿਆਂ ਮਗਰੋਂ ਉਸ ਦੀ ਲਾਸ਼ ਖੇਤ ਵਿੱਚ ਇੱਕ ਦਰੱਖ਼ਤ ਨਾਲ ਲਟਕਦੀ ਮਿਲੀ।