ਚੰਡੀਗੜ੍ਹ: ਪੰਜਾਬ ਵਿੱਚ ਹੁਣ ਧੁੱਪ ਨਾਲ ਮੋਟਰਾਂ ਚੱਲਣਗੀਆਂ। ਇਸ ਬਾਰੇ ਪੰਜਾਬ ਸਰਕਾਰ ਯੋਜਨਾ ਬਣਾ ਰਹੀ ਹੈ। ਇਸ ਦੀ ਪੁਸ਼ਟੀ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਖੇਤੀ ਮੋਟਰਾਂ ਨੂੰ ਇੱਕ ਬਦਲ ਵਜੋਂ ਸੌਰ ਊਰਜਾ ਨਾਲ ਚਲਾਏ ਜਾਣ ’ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਵਿੱਖ ਸੌਰ ਊਰਜਾ ’ਚੋਂ ਵੇਖ ਰਿਹਾ ਹੈ। ਇਸ ਬਾਰੇ ਜਪਾਨ ਸਰਕਾਰ ਤੋਂ ਵਿੱਤੀ ਮਦਦ ਲੈਣ ਦੀ ਵਿਉਂਤ ਹੈ।


ਦੱਸ ਦਈਏ ਕਿ ਪੰਜਾਬ ਸਰਕਾਰ ਨੂੰ ਖੇਤੀ ਮੋਟਰਾਂ ’ਤੇ ਸਿੱਧੀ ਸਬਸਿਡੀ ਦੇਣ ਦੇ ਮਾਮਲੇ ’ਚ ਥੋੜ੍ਹਾ ਸਮਾਂ ਪਹਿਲਾਂ ਕਈ ਵਾਰ ਸਫਾਈ ਦੇਣੀ ਪਈ ਹੈ। ਖੇਤੀ ਮੋਟਰਾਂ ਦੀ ਸਬਸਿਡੀ ਸਾਲਾਨਾ ਕਰੀਬ 6500 ਕਰੋੜ ਰੁਪਏ ਬਣਦੀ ਹੈ। ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ 14 ਲੱਖ ਖੇਤੀ ਟਿਊਬਵੈਲਾਂ ਨੂੰ ਸੌਰ ਊਰਜਾ ’ਤੇ ਚਲਾਉਣ ਲਈ ਕਰੀਬ 80 ਹਜ਼ਾਰ ਕਰੋੜ ਰੁਪਏ ਦੀ ਲੋੜ ਪੈਣੀ ਹੈ ਜੋ ਪੰਜਾਬ ਸਰਕਾਰ ਦੇ ਵੱਸ ਦਾ ਰੋਗ ਨਹੀਂ।

ਉਨ੍ਹਾਂ ਕਿਹਾ ਕਿ ਵਿਸ਼ਵ ਬੈਂਕ ਜਾਂ ਹੋਰ ਕੌਮਾਂਤਰੀ ਅਦਾਰੇ ਦੀ ਮਦਦ ਨਾਲ ਇਹ ਸੰਭਵ ਹੋ ਸਕਦਾ ਹੈ। ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਮੁੱਢਲੇ ਪੜਾਅ ’ਤੇ ਇੱਕ ਜ਼ਿਲ੍ਹੇ ਦੀਆਂ ਖੇਤੀ ਮੋਟਰਾਂ ਨੂੰ ਸੌਰ ਊਰਜਾ ’ਤੇ ਚਲਾਏ ਜਾਣ ਦਾ ਤਜਰਬਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੇਤੀ ਟਿਊਬਵੈਲ ਪੂਰੇ ਸਾਲ ’ਚ ਸਿਰਫ਼ ਸੌ ਦਿਨ ਚੱਲਦੇ ਹਨ। ਬਾਕੀ ਦਿਨ ਸੌਰ ਊਰਜਾ ਨੂੰ ਹੋਰ ਪਾਸੇ ਵੀ ਵਰਤਿਆ ਜਾ ਸਕਦਾ ਹੈ।