ਚੰਡੀਗੜ੍ਹ: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਸਾਨਾਂ ਨੂੰ ਕਿਹਾ ਹੈ ਕਿ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ 550ਵੇਂ ਪ੍ਰਕਾਸ਼ ਪੁਰਬ ਦੇ ਸਤਿਕਾਰ ਵਜੋਂ ਪਰਾਲੀ ਨਾ ਸਾੜਨ।


ਉਨ੍ਹਾਂ ਕਿਹਾ ਕਿ ਪਰਾਲੀ ਸਾੜਨਾ ਜਿੱਥੇ ਵਾਤਾਵਰਨ ਲਈ ਸਭ ਤੋਂ ਵੱਡਾ ਖ਼ਤਰਾ ਹੈ, ਉੱਥੇ ਹੀ ਧਰਤੀ ਤੇ ਮਨੁੱਖੀ ਸਿਹਤ ਲਈ ਵੀ ਬੇਹੱਦ ਨੁਕਸਾਨਦੇਹ ਹੈ। ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਰਾਜ ਸਰਕਾਰ ਵਲੋਂ ਪਰਾਲੀ ਪ੍ਰਬੰਧਨ ਮਸ਼ੀਨਰੀ ’ਤੇ ਦਿੱਤੀ ਜਾ ਰਹੀ 50-80 ਫ਼ੀਸਦੀ ਸਬਸਿਡੀ ਦਾ ਲਾਭ ਲੈਣ।

ਦਰਅਸਲ ਪੰਜਾਬ ਸਰਕਾਰ ਵੱਲੋਂ ਕਈ ਉਪਰਾਲੇ ਕੀਤੇ ਜਾਣ ਦੇ ਬਾਵਜੂਦ ਕਿਸਾਨ ਪਾਰਲੀ ਨੂੰ ਸਾੜ ਰਹੇ ਹਨ। ਕਿਸਾਨਾਂ ਨੇ ਆਪਣੀ ਮਜਬੂਰੀ ਦੱਸਦਿਆਂ ਕਿਹਾ ਹੈ ਕਿ ਬਗੈਰ ਕਿਸੇ ਮੁਆਵਜ਼ੇ ਪਰਾਲੀ ਦਾ ਨਿਬੇੜਾ ਕਰਨਾ ਔਖਾ ਹੈ। ਇਸ ਲਈ ਪੰਜਾਬ ਸਰਕਾਰ ਨੇ ਕੇਂਦਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਸੀ ਪਰ ਗੱਲ਼ ਨਹੀਂ ਬਣੀ। ਹੁਣ ਪੰਜਾਬ ਸਰਕਾਰ ਭਾਵੁਕ ਅਪੀਲ ਕਰਕੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕ ਰਹੀ ਹੈ।