ਚੰਡੀਗੜ੍ਹ-ਸਰਕਾਰ ਵੱਲੋਂ ਚੀਨੀ ਉੱਤੇ ਦਰਾਮਦ ਡਿਊਟੀ 'ਚ ਵਾਧਾ ਕਰ ਦਿੱਤਾ ਗਿਆ ਹੈ, ਜਿਸ ਨਾਲ ਖੰਡ ਦੇ ਭਾਅ 'ਚ ਥੋਕ ਬਾਜ਼ਾਰ ਵਿਚ ਹੀ 4 ਰੁਪਏ ਪ੍ਰਤੀ ਕਿਲੋ ਦੀ ਤੇਜ਼ੀ ਆ ਗਈ ਹੈ। 10 ਦਿਨ ਪਹਿਲਾਂ ਹੀ ਜਿਹੜੀ ਖੰਡ 3350 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਸੀ, ਉਹ 10 ਦਿਨਾਂ ਬਾਅਦ ਹੀ 37.50 ਰੁਪਏ ਪ੍ਰਤੀ ਕਿਲੋ ਥੋਕ ਬਾਜ਼ਾਰ 'ਚ ਪੁੱਜ ਗਈ ਹੈ।
ਕੇਂਦਰ ਨੇ ਹੁਣ ਖੰਡ ਦੀ ਦਰਾਮਦ ਡਿਊਟੀ ਇਸ ਕਰਕੇ ਲਗਾਈ ਹੈ ਕਿ ਵਿਦੇਸ਼ਾਂ ਤੋਂ ਖੰਡ ਨਾ ਮੰਗਵਾਈ ਜਾਵੇ, ਸਗੋਂ ਵਿਦੇਸ਼ਾਂ 'ਚ ਖੰਡ ਭਿਜਵਾਈ ਜਾਵੇ। ਚਾਹੇ ਦਰਾਮਦ ਡਿਊਟੀ ਲਗਾਉਣ ਦਾ ਇਕ ਕਾਰਨ ਗੰਨਾ ਉਤਪਾਦਕਾਂ ਅਤੇ ਮਿਲਾਂ ਵਾਲਿਆਂ ਨੂੰ ਰਾਹਤ ਦੇਣ ਲਈ ਫ਼ੈਸਲਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਇਕੱਠੀ 4 ਰੁਪਏ ਪ੍ਰਤੀ ਕਿਲੋ ਦੀ ਤੇਜ਼ੀ ਨਾਲ ਆਮ ਲੋਕ ਜ਼ਰੂਰ ਭਾਰ ਪਾਇਆ ਮਹਿਸੂਸ ਕਰ ਰਹੇ ਹਨ।
ਕਿਸੇ ਵੇਲੇ ਖੰਡ ਦਾ ਭਾਅ ਥੋਕ ਬਾਜ਼ਾਰ 'ਚ 4100 ਰੁਪਏ ਪ੍ਰਤੀ ਕੁਇੰਟਲ ਪੁੱਜ ਗਿਆ ਸੀ, ਜਿਸ ਨੂੰ ਹੋਰ ਉੱਪਰ ਜਾਣ ਤੋਂ ਰੋਕਣ ਲਈ ਕੇਂਦਰ ਨੇ ਦਖ਼ਲ ਦਿੱਤਾ ਸੀ। ਜਿਸ ਨਾਲ ਖੰਡ ਦਾ ਭਾਅ 'ਚ ਹੁਣ ਐਨਾ ਮੰਦਾ ਆ ਗਿਆ ਸੀ ਕਿ ਖੰਡ 3300 ਰੁਪਏ ਪ੍ਰਤੀ ਕੁਇੰਟਲ ਤੱਕ ਪੁੱਜ ਗਈ। ਇਸ ਨਾਲ ਖੰਡ ਮਿੱਲਾਂ ਦਾ ਨੁਕਸਾਨ ਵਧਣ ਦਾ ਖ਼ਦਸ਼ਾ ਤਾਂ ਜ਼ਾਹਰ ਕੀਤਾ ਹੀ ਜਾ ਰਿਹਾ ਸੀ ਤੇ ਇਸ ਨਾਲ ਗੰਨਾ ਉਤਪਾਦਕਾਂ ਦੀ ਅਦਾਇਗੀ ਵੀ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਜ਼ਾਹਰ ਹੋਣ ਲੱਗ ਪਿਆ ਸੀ।