27 ਨਵੰਬਰ ਨੂੰ ਪੰਜਾਬ ਅਸੰਬਲੀ ਨੂੰ ਘੇਰਨ ਦਾ ਐਲਾਨ
ਏਬੀਪੀ ਸਾਂਝਾ | 25 Nov 2017 10:17 AM (IST)
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਗੰਨੇ ਦੀ ਕੀਮਤ ਵਧਾਉਣ ਤੋਂ ਨਾਂਹ ਕੀਤੇ ਜਾਣ 'ਤੇ ਗੰਨਾ ਕਾਸ਼ਤਕਾਰਾਂ ਨੇ 27 ਨਵੰਬਰ ਨੂੰ ਸ਼ੁਰੂ ਹੋ ਰਹੇ ਅਸਬੰਲੀ ਦੇ ਇਜਲਾਸ ਦੌਰਾਨ ਪੰਜਾਬ ਅਸੰਬਲੀ ਨੂੰ ਘੇਰਨ ਦਾ ਐਲਾਨ ਕੀਤਾ ਹੈ। ਗੰਨਾ ਕਾਸ਼ਤਕਾਰਾਂ ਨੇ ਦੱਸਿਆ ਕਿ ਆਪਣੀ ਆਵਾਜ਼ ਹਕੂਮਤ ਦੇ ਕੰਨਾਂ ਤਕ ਪਹੁੰਚਾਉਣ ਲਈ 27, 28 ਤੇ 29 ਨਵੰਬਰ ਨੂੰ ਜੋ ਪੰਜਾਬ ਦਾ ਅਸੰਬਲੀ ਇਜਲਾਸ ਸ਼ੁਰੂ ਹੋ ਰਿਹਾ ਹੈ ਉਸ ਨੂੰ ਦੇਖਦਿਆਂ 27 ਨਵੰਬਰ ਨੂੰ ਸਵੇਰੇ 9 ਵਜੇ ਕਿਸਾਨ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਇਕੱਤਰ ਹੋਣਗੇ ਤੇ ਉਥੋਂ ਮਾਰਚ ਕਰਨਗੇ। ਜੇ ਫਿਰ ਵੀ ਕੋਈ ਗੱਲ ਨਾ ਬਣੀ ਤਾਂ ਸੂਬਾ ਪੱਧਰ 'ਤੇ ਸੰਘਰਸ਼ ਕਰਨ ਲਈ ਰਣਨੀਤੀ ਉਲੀਕੀ ਜਾਏਗੀ। ਦੁਆਬਾ ਕਿਸਾਨ ਸੰਘਰਸ਼ ਕਮੇਟੀ, ਮਾਝਾ ਕਿਸਾਨ ਸੰਘਰਸ਼ ਕਮੇਟੀ, ਲੋਕ ਭਲਾਈ ਇਨਸਾਫ ਵੈੱਲਫੇਅਰ ਸੋਸਾਇਟੀ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਨੇ ਦੱਸਿਆ ਕਿ ਬੀਤੇ ਦਿਨ ਗੰਨਾ ਕਾਸ਼ਤਕਾਰਾਂ ਤੇ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਵਿਚਾਲੇ ਗੰਨੇ ਦੀ ਕੀਮਤ ਵਧਾਉਣ ਸਬੰਧੀ ਮੀਟਿੰਗ ਕੀਤੀ ਗਈ ਪਰ ਬੇਨਤੀਜਾ ਰਹੀ। ਆਗੂਆਂ ਦੋਸ਼ ਲਗਾਇਆ ਕਿ ਸਰਕਾਰ ਨਿੱਜੀ ਖੰਡ ਮਿੱਲ ਮਾਲਕਾਂ ਦੀ ਹੀ ਬੋਲੀ ਬੋਲ ਰਹੀ ਹੈ। ਕਿਸਾਨਾਂ ਨੇ ਗੰਨੇ ਦੀ ਕੀਮਤ 350 ਰੁਪਏ ਪ੍ਰਤੀ ਕੁਇੰਟਲ ਮੰਗੀ ਹੈ ਪਰ ਸਰਕਾਰੀ ਅਧਿਕਾਰੀ ਨਿੱਜੀ ਖੰਡ ਮਿੱਲ ਮਾਲਕਾਂ ਵਾਂਗ ਉਨ੍ਹਾਂ ਨੂੰ ਉਪਜ ਵਧਾਉਣ ਦੀ ਹੀ ਸਲਾਹ ਦੇਈ ਜਾ ਰਹੇ ਹਨ।