ਚੰਡੀਗੜ੍ਹ: ਗੰਨਾ ਕਾਸ਼ਤਕਾਰਾਂ ਤੇ ਨਿੱਜੀ ਖੰਡ ਮਿੱਲਾਂ ਨੂੰ ਕੁਝ ਰਾਹਤ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 25 ਰੁਪਏ ਫ਼ੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਦੇਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸ਼ਨੀਵਾਰ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ।


ਇਹ ਸਬਸਿਡੀ ਸਿੱਧੇ ਤੌਰ ’ਤੇ ਗੰਨਾ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਾਵੇਗੀ। ਯਾਦ ਰਹੇ ਕੇਂਦਰ ਸਰਕਾਰ ਵੱਲੋਂ ਗੰਨੇ ਦਾ ਭਾਅ 275 ਰੁਪਏ ਤੈਅ ਕੀਤਾ ਗਿਆ ਸੀ। ਇਸ ਮਗਰੋਂ ਪੰਜਾਬ ਸਰਕਾਰ ਨੇ 35 ਰੁਪਏ ਵਧਾ ਤੇ 310 ਰੁਪਏ ਦੇਣ ਦਾ ਦਾਅਵਾ ਕੀਤਾ ਸੀ। ਦੂਜੇ ਪਾਸੇ ਪ੍ਰਾਈਵੇਟ ਸ਼ੂਗਰ ਮਿੱਲਾਂ ਨੇ 35 ਰੁਪਏ ਵੱਧ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਰਕੇ ਕਿਸਾਨ ਸੜਕਾਂ ਉੱਤੇ ਉੱਤਰ ਆਏ ਸਨ।


ਮੰਤਰੀ ਮੰਡਲ ਨੇ ਇਸ ਤੋਂ ਇਲਾਵਾ ਸ਼ਹੀਦ ਕੁਲਵਿੰਦਰ ਸਿੰਘ ਦੇ ਬਿਰਧ ਮਾਪਿਆਂ ਲਈ 10,000 ਮਹੀਨਾ ਵਿਸ਼ੇਸ਼ ਪੈਨਸ਼ਨ, ਪੱਤਰਕਾਰਾਂ ਲਈ ਪੈਨਸ਼ਨ, ਜਿਣਸਾਂ ਦੀ ਢੋਆ-ਢੁਆਈ ਲਈ ਆਨਲਾਈਨ ਬੋਲੀ ਅਤੇ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਦੇ ਫੈਸਲਿਆਂ 'ਤੇ ਸਹੀ ਪਾਈ।